ਨਵੀਂ ਦਿੱਲੀ : ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਸ਼ਮੀਰੀ ਅਕਾਦਮਿਕ ਅਤੇ ਲੇਖਿਕਾ ਨਿਤਾਸ਼ਾ ਕੌਲ ਨੂੰ ਬੈਂਗਲੁਰੂ ਦੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੀ ਬਰਤਾਨੀਆਂ ਵਾਪਿਸ ਡਿਪੋਰਟ ਕਰ ਦਿੱਤਾ ਹੈ। ਕੌਲ ਨੂੰ ਕਰਨਾਟਕ ਦੀ ਕਾਂਗਰਸ ਸਰਕਾਰ ਨੇ ਰਾਜ ਦੀ ਰਾਜਧਾਨੀ ਬੈਂਗਲੁਰੂ ਵਿੱਚ ਆਯੋਜਿਤ ਲੋਕਤੰਤਰ ਪੱਖੀ ਕਾਨਫਰੰਸ ਵਿੱਚ ਸੱਦਾ ਦਿੱਤਾ ਸੀ। ਕੌਲ, ਜੋ ਲੰਡਨ ਦੀ ਵੈਸਟਮਿੰਸਟਰ ਯੂਨੀਵਰਸਿਟੀ ਦੇ ਸੈਂਟਰ ਫਾਰ ਦਾ ਸਟੱਡੀ ਆਫ਼ ਡੈਮੋਕਰੇਸੀ ਦੇ ਮੁਖੀ ਹਨ, ਨੂੰ ਕਰਨਾਟਕ ਸਰਕਾਰ ਦੇ ਸਮਾਜ ਕਲਿਆਣ ਮੰਤਰੀ ਐਚ ਸੀ ਮਹਾਦੇਵੱਪਾ ਨੇ ਇੱਕ ਪੱਤਰ ਰਾਹੀਂ ਭਾਰਤ ਵਿੱਚ ਸੰਵਿਧਾਨ ਅਤੇ ਏਕਤਾ ਕਾਨਫਰੰਸ ਵਿੱਚ ਇੱਕ ਡੈਲੀਗੇਟ ਵਜੋਂ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ। ਜਦੋਂ ਉਹ 23 ਫਰਵਰੀ ਨੂੰ ਬੈਂਗਲੁਰੂ ਦੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ ਤਾਂ ਉਸਨੂੰ ਇਮੀਗ੍ਰਸ਼ਨ ਅਧਿਕਾਰੀਆਂ ਨੇ ਰੋਕ ਲਿਆ ਅਤੇ 24 ਘੰਟੇ ਹੋਲਡਿੰਗ ਸੈੱਲ ਵਿੱਚ ਰਹਿਣ ਦੇ ਮਾੜੇ ਤਜ਼ਰਬੇ ਤੋਂ ਬਾਅਦ ਬਿਨਾਂ ਕਿਸੇ ਕਾਰਨ ਦੇ ਕਾਰਵਾਈ ਤੋਂ ਬਾਅਦ ਲੰਡਨ ਭੇਜ ਦਿੱਤਾ ਗਿਆ।