ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰੋ. ਕਿਰਪਾਲ ਸਿੰਘ ਬਡੁੰਗਰ ਵੱਲੋਂ ਜਿੱਥੇ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਉੱਚ ਦਰਜੇ ਦੀ ਸਿੱਖਿਆ ਮੁਹਈਆ ਕਰਵਾਕੇ ਵੱਖ ਵੱਖ ਵਿਭਾਗਾਂ ਵਿੱਚ ਅੱਵਲ ਦਰਜੇ ਦੇ ਸਰਕਾਰੀ ਅਧਿਕਾਰੀ ਬਣਾਇਆ , ਉੱਥੇ ਹੀ ਹੁਣ ਸਿੱਖਿਆ ਦੇ ਖੇਤਰ ਵਿੱਚ ਨਾਮਣਾ ਖੱਟਦੇ ਹੋਏ ਉਨਾਂ ਦੇ ਪੋਤਰੇ ਤੇ ਸ਼ਮਸ਼ੇਰ ਸਿੰਘ ਤੇ ਪੁੱਤਰ ਡਾ. ਮਨੀ ਇੰਦਰਪਾਲ ਸਿੰਘ ਬਡੂੰਗਰ ਨੇ ਸਮਾਜ ਵਿਗਿਆਨ ਫੈਕਲਟੀ ਵਿੱਚ ਟੈਲੀਵਿਜ਼ਨ ਅਤੇ ਪੇਂਡੂ ਸਮਾਜ ਵਿਸ਼ਵ 'ਤੇ ਪੀਐੱਚ.ਡੀ, ਜਦਕਿ ਡਾ. ਜਸਮੀਨ ਕੌਰ ਬਡੂੰਗਰ ਨੇ ਬਿਜ਼ਨਸ ਸਟੱਡੀਜ਼ ਫੈਕਲਟੀ ਵਿੱਚ ਪੰਜਾਬ ਵਿੱਚ ਸਰਕਾਰ ਦੁਆਰਾ ਈ-ਗਵਰਨੈਂਸ ਪਹਿਲਕਦਮੀਆਂ ਵਿਸ਼ੇ 'ਤੇ ਪੀਐੱਚ.ਡੀ. ਕੀਤੀ। ਜਿਗਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਤੇਗ਼ ਬਹਾਦਰ ਹਾਲ ਵਿਖੇ ਹੋਈ 40ਵੀ ਕਾਨਵੋਕੇਸ਼ਨ ਵਿੱਚ ਚਾਂਸਲਰ ਅਤੇ ਗਵਰਨਰ ਪੰਜਾਬ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਅਤੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪੀਐੱਚ.ਡੀ ਦੀ ਡਿਗਰੀ ਪ੍ਰਦਾਨ ਕੀਤੀ ਗਈ। ਇਨ੍ਹਾਂ ਪਤੀ ਪਤਨੀ ਜੋੜੇ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐਚਡੀ ਦੀ ਦੀਆਂ ਡਿਗਰੀਆਂ ਪ੍ਰਾਪਤ ਕੀਤੇ ਜਾਣ ਨਾਲ ਪ੍ਰੋ. ਕਿਰਪਾਲ ਸਿੰਘ ਬਡੁੰਗਰ ਦਾ ਨਾਮ ਹੋਰ ਉੱਚਾ ਹੋਇਆ ਹੈ । ਇਸ ਮੌਕੇ ਤੇ ਡਾ ਮਨੀ ਇੰਦਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਉਨਾਂ ਨੇ ਆਪਣੀ ਖੋਜ ਡਾ. ਦੀਪਕ ਕੁਮਾਰ , ਮੁਖੀ ਸਮਾਜ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਕੀਤੀ ਤੇ ਆਪਣੀ ਖੋਜ ਰਾਹੀਂ ਪੰਜਾਬ ਰਾਜ ਦੇ ਪੇਂਡੂ ਲੋਕਾਂ ਦੇ ਆਪਸੀ ਸਬੰਧਾਂ ਅਤੇ ਰੋਜ਼ਾਨਾ ਜੀਵਨ 'ਤੇ ਟੈਲੀਵਿਜ਼ਨ ਦੇ ਪਏ ਡੂੰਘੇ ਪ੍ਰਭਾਵਾਂ ਨੂੰ ਉਜਾਗਰ ਕੀਤਾ। ਉਹਨਾਂ ਦੱਸਿਆ ਕਿ ਆਮ ਲੋਕਾਂ ਦੀ ਕਿਸੇ ਪ੍ਰਤੀ ਰਾਏ ਬਣਾਉਣ ਵਿਚ ਟੈਲੀਵਿਜ਼ਨ ਦੇ ਕੰਟੈਂਟ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਇਸੇ ਦੌਰਾਨ ਡਾ. ਜਸਮੀਨ ਕੌਰ ਨੇ ਆਪਣੀ ਖੋਜ ਪ੍ਰੋ. ਜੇ.ਐੱਸ. ਪਸਰੀਚਾ, ਪ੍ਰੋਫੈਸਰ ਕਾਮਰਸ ਵਿਭਾਗ ਪੰਜਾਬੀ ਯੂਨਵਰਸਿਟੀ ਪਟਿਆਲਾ ਅਧੀਨ ਕੀਤੀ। ਡਾ. ਜਸਮੀਨ ਕੌਰ ਨੇ ਸਰਕਾਰ ਦੁਆਰਾ ਪੰਜਾਬ ਵਿੱਚ ਈ-ਗਵਰਨੈਂਸ ਸੋਸਾਇਟੀ ਅਧੀਨ ਸ਼ੁਰੂ ਕੀਤੇ ਸੇਵਾ ਕੇਂਦਰਾਂ ਦੇ ਹਾਲ ਨੂੰ ਬਿਆਨ ਕੀਤਾ। ਉਹਨਾਂ ਦੱਸਿਆ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਸੇਵਾ ਕੇਂਦਰ, ਸਰਕਾਰ ਦੁਆਰਾ ਲੋਕ ਸੇਵਾ ਦੇ ਹਿਤ ਲਈ ਸ਼ੁਰੂ ਕੀਤੇ ਗਏ ਪ੍ਰੰਤੂ ਹਾਲ ਦੀ ਘੜੀ ਇਹ ਕਈ ਖਾਮੀਆਂ ਨਾਲ ਜੂਝ ਰਹੇ ਹਨ। ਇਸ ਖੋਜ ਰਾਹੀਂ ਡਾ ਜਸਮੀਨ ਵੱਲੋਂ ਇਹਨਾਂ ਸੇਵਾ ਕੇਂਦਰਾਂ ਦਾ ਵਣਜ ਦੇ ਪੱਖ ਤੋਂ ਮੁਲਾਂਕਣ ਕੀਤਾ ਗਿਆ।