ਮੁਹਾਲੀ : ਆਰ.ਬੀ.ਆਈ. ਵੱਲੋਂ ਵਿੱਤੀ ਸਾਖਰਤਾ ਹਫ਼ਤੇ ਦੇ ਤਹਿਤ ਮੁਹਾਲੀ ਜ਼ਿਲ੍ਹੇ ਵਿੱਚ ਦੋ ਥਾਵਾਂ ’ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। 26 ਫਰਵਰੀ ਤੋਂ 01 ਮਾਰਚ ਤੱਕ ਵਿੱਤੀ ਸਾਖਰਤਾ ਹਫ਼ਤਾ ਸਾਲ 2016 ਤੋਂ ਆਰ.ਬੀ.ਆਈ. ਦੀ ਸਾਲਾਨਾ ਪਹਿਲਕਦਮੀ ਹੈ। ਇਸ ਮੁਹਿੰਮ ਦਾ ਉਦੇਸ਼ ਵਿੱਤੀ ਮੁੱਦਿਆਂ 'ਤੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਸਾਲ ਦੀ ਥੀਮ "ਸਹੀ ਸ਼ੁਰੂਆਤ ਕਰੋ ਵਿੱਤੀ ਤੌਰ 'ਤੇ ਸਮਾਰਟ ਬਣੋ "ਨੌਜਵਾਨਾਂ ਨੂੰ ਨਿੱਜੀ ਵਿੱਤ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਲੰਬੇ ਸਮੇਂ ਦੀ ਵਿੱਤੀ ਸੁਰੱਖਿਆ ਅਤੇ ਸਫਲਤਾ ਲਈ ਇੱਕ ਮਜ਼ਬੂਤ ਵਿੱਤੀ ਬੁਨਿਆਦ ਬਣਾਉਣ ਲਈ ਸ਼ਕਤੀ ਪ੍ਰਦਾਨ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ।
ਸਰਕਾਰੀ ਮਹਿਲਾ ਆਈ.ਟੀ.ਆਈ ਫੇਜ਼ 5 ਮੋਹਾਲੀ ਵਿਖੇ 70 ਤੋਂ ਵੱਧ ਔਰਤਾਂ ਨੇ ਭਾਗ ਲਿਆ। ਆਰ.ਬੀ.ਆਈ ਚੰਡੀਗੜ੍ਹ ਤੋਂ ਵਿਸ਼ੇਸ਼ ਮਹਿਮਾਨ ਗਰਿਮਾ ਬੱਸੀ ਅਤੇ ਐਲ.ਡੀ.ਐਮ ਮੋਹਾਲੀ ਐਮ ਕੇ ਭਾਰਦਵਾਜ ਅਤੇ ਸਦਵਿੰਦਰ ਪਾਲ ਸਿੰਘ ਪ੍ਰਿੰਸੀਪਲ ਆਈ.ਟੀ.ਆਈ ਫੇਜ਼ 5 ਮੋਹਾਲੀ ਤੇ ਆਈ.ਟੀ.ਆਈ ਦੇ ਸਮੁੱਚੇ ਸਟਾਫ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ। ਵਿਦਿਆਰਥੀਆਂ ਨੂੰ ਵੱਖ-ਵੱਖ ਬੈਂਕਿੰਗ ਉਤਪਾਦਾਂ ਸਕੀਮਾਂ ਬਾਰੇ ਅਤੇ ਸਾਈਬਰ ਕ੍ਰਾਈਮ ਦੇ ਸ਼ਿਕਾਰ ਹੋਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਤੇ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਬੈਂਕਿੰਗ ਸਿਸਟਮ ਜਾਂ ਸਾਈਬਰ ਪੁਲਿਸ ਦੀ ਮਦਦ ਕਿਵੇਂ ਲਈ ਜਾਵੇ, ਬਾਰੇ ਜਾਗਰੂਕ ਕੀਤਾ ਗਿਆ।
ਗਰਿਮਾ ਬੱਸੀ ਵੱਲੋਂ ਵਿੱਤੀ ਕੁਇਜ਼ ਵੀ ਕਰਵਾਈ ਗਈ ਜਿਸ ਦੀ ਸਾਰੇ ਭਾਗੀਦਾਰਾਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੇ ਕੁਇਜ਼ ਵਿੱਚ ਡੂੰਘੀ ਦਿਲਚਸਪੀ ਲਈ। ਆਰ.ਬੀ.ਆਈ ਚੰਡੀਗੜ੍ਹ ਦੀ ਤਰਫੋਂ ਆਕਰਸ਼ਕ ਇਨਾਮ ਵੀ ਵੰਡੇ ਗਏ। ਪੀ.ਐਨ.ਬੀ.ਆਰ.ਐਸ.ਈ.ਟੀ.ਆਈ., ਵਿਕਾਸ ਭਵਨ ਸੈਕਟਰ 62 ਮੋਹਾਲੀ, ਦੀਆਂ 30 ਤੋਂ ਵੱਧ ਮਹਿਲਾ ਸਿਖਿਆਰਥੀਆਂ ਨੂੰ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੇ ਵਿੱਤੀ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਨਾਲ ਬੈਂਕ ਦੀਆਂ ਕਈ ਸਕੀਮਾਂ ਬਾਰੇ ਚਰਚਾ ਕੀਤੀ ਗਈ। ਆਰ.ਐਸ.ਈ.ਟੀ.ਆਈ ਦੇ ਡਾਇਰੈਕਟਰ ਅਮਨਦੀਪ ਸਿੰਘ ਦੇ ਨਾਲ ਐਲ.ਡੀ.ਐਮ ਮੋਹਾਲੀ ਐਮ.ਕੇ ਭਾਰਦਵਾਜ ਵੀ ਮੌਜੂਦ ਸਨ।