ਪਿਆਰੇ ਬੱਚਿਓ ! ਅੱਜ ਤੁਹਾਨੂੰ ਆਪਣੇ ਬੀਤੇ ਸਮਿਆਂ ਤੇ ਆਪਣੇ ਬਚਪਨ ਦੀ ਪਿੰਡਾਂ ਵਿੱਚ ਖੇਡੀ ਜਾਣ ਵਾਲੀ ਬੱਚਿਆਂ ਦੀ ਮਸ਼ਹੂਰ ਹਰਮਨ-ਪਿਆਰੀ ਖੇਡ ਅੰਨ੍ਹਾ - ਝੋਟਾ ਬਾਰੇ ਜਾਣੂੰ ਕਰਵਾਵਾਂਗੇ। ਸਿਆਣੇ ਸੱਚ ਕਹਿੰਦੇ ਹਨ ਕਿ ਵਖਤ ਦੇ ਨਾਲ਼ - ਨਾਲ਼ ਹਰ ਗੱਲ , ਕੰਮ ਤੇ ਮਨੋਰੰਜਨ ਦੇ ਸਾਧਨਾਂ 'ਚ ਤਬਦੀਲੀ ਆਉਂਦੀ ਰਹਿੰਦੀ ਹੈ। ਬੱਸ ! ਇਹੋ ਗੱਲ ਲਾਗੂ ਹੁੰਦੀ ਹੈ ਪਿੰਡਾਂ ਵਿੱਚ ਬੱਚਿਆਂ ਵੱਲੋਂ ਖੇਡੀ ਜਾਂਦੀ ਖੇਡ ਅੰਨ੍ਹਾ - ਝੋਟਾ 'ਤੇ। ਇਹ ਖੇਡ 90 ਦੇ ਦਹਾਕਿਆਂ ਦੇ ਸਮੇਂ ਪਿੰਡਾਂ ਵਿੱਚ ਬੱਚਿਆਂ ਵੱਲੋਂ ਬਹੁਤ ਖੁਸ਼ੀ, ਉਮੰਗ ਤੇ ਉਤਸ਼ਾਹ ਦੇ ਨਾਲ਼ ਖੇਡੀ ਜਾਂਦੀ ਹੁੰਦੀ ਸੀ। ਬੱਚੇ ਅਕਸਰ ਸ਼ਾਮ ਦੇ ਵੇਲ਼ੇ ਜਾਂ ਛੁੱਟੀ ਦੇ ਦਿਨ ਕਿਸੇ ਖੁੱਲੇ ਮੈਦਾਨ, ਵਿਹੜੇ ਜਾਂ ਹੋਰ ਕਿਸੇ ਮਨਪਸੰਦ ਸਾਂਝੀ ਥਾਂ 'ਤੇ ਇਕੱਠੇ ਹੋ ਜਾਂਦੇ ਹੁੰਦੇ ਸੀ। ਖੇਡ ਸ਼ੁਰੂ ਕਰਨ ਲਈ ਬੱਚਿਆਂ ਵੱਲੋ ਪੁੱਗਿਆ ਜਾਂਦਾ ਹੁੰਦਾ ਸੀ। ਜਿਸ ਬੱਚੇ ਦੇ ਸਿਰ ਵਾਰੀ / ਦਾਈ / ਪਿੱਤੀ ਆਉਂਦੀ ਸੀ , ਉਸ ਦੀਆਂ ਅੱਖਾਂ 'ਤੇ ਕਿਸੇ ਰੁਮਾਲ/ਲੀਰ, ਪਗੜੀ ਜਾਂ ਕਿਸੇ ਹੋਰ ਕੱਪੜੇ ਆਦਿ ਦੇ ਨਾਲ਼ ਪੱਟੀ ਬੰਨ੍ਹ ਦਿੱਤੀ ਜਾਂਦੀ ਹੁੰਦੀ ਸੀ ਅਤੇ ਉਹ ਬੱਚਾ ਅੰਨ੍ਹਾ ਬਣ ਕੇ ਹੋਰ ਦੂਸਰੇ ਬੱਚਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ। ਅੱਖਾਂ 'ਤੇ ਪੱਟੀ ਆਦਿ ਬੰਨ੍ਹਣ ਤੋਂ ਬਾਅਦ ਕੋਈ ਇੱਕ ਬੱਚਾ ਕਹਿੰਦਾ , " ਪੰਜਾਂ ਦਾ ਬਈ ਪੰਜਾਂ ਦਾ ...ਪੰਜਾਂ ਦਾ ਬਈ ਪੰਜਾਂ ਦਾ...।" ਬਾਕੀ ਬੱਚੇ ਕਹਿੰਦੇ , " ਇਹ ਤਾਂ ਕੌਡੀ ਦਾ ਵੀ ਨਹੀਂ ....ਜਾਂ ਕੁਝ ਹੋਰ। " ਇਸ ਤਰ੍ਹਾਂ ਪੱਟੀ ਬੰਨ੍ਹ ਕੇ ਅੰਨ੍ਹਾ ਬਣੇ ਬੱਚੇ ਨੂੰ ਉਹ ਘੁਮੇਰੀ ਦਿੰਦੇ। ਇਸੇ ਤਰ੍ਹਾਂ ਅੰਨ੍ਹਾ ਬਣਿਆ ਬੱਚਾ ਕਦੇ ਕਿੱਧਰੇ ਡਿੱਗਦਾ ਤੇ ਕਦੇ ਕਿੱਧਰੇ। ਇਸ ਤਰ੍ਹਾਂ ਮਨੋਰੰਜਨ ਤੇ ਹਾਸਾ - ਠੱਠਾ ਚੱਲਦਾ ਰਹਿੰਦਾ ਸੀ। ਜਦੋਂ ਤੱਕ ਅੰਨ੍ਹਾ ਬਣਿਆ ਬੱਚਾ ਕਿਸੇ ਦੂਸਰੇ ਹੋਰ ਬੱਚੇ ਨੂੰ ਛੂਹ ਨਾ ਲੈਂਦਾ ਉਸ ਦੀ ਦਾਈ /ਵਾਰੀ / ਪਿੱਤੀ ਚਲਦੀ ਰਹਿੰਦੀ। ਜਦੋਂ ਉਹ ਕਿਸੇ ਹੋਰ ਬੱਚੇ ਨੂੰ ਛੂਹ ਲੈਂਦਾ ਤਾਂ ਵਾਰੀ ਦੂਸਰੇ ਬੱਚੇ ਦੀ ਆ ਜਾਂਦੇ ਹੁੰਦੀ ਸੀ। ਇਸ ਖੇਡ ਵਿੱਚ ਘੱਟੋ - ਘੱਟ ਤਿੰਨ ਬੱਚਿਆਂ ਦੀ ਲੋੜ ਹੁੰਦੀ ਸੀ। ਪਿੰਡਾਂ ਵਿੱਚ ਇਹ ਖੇਡ ਬੱਚਿਆਂ ਵੱਲੋਂ ਬਹੁਤ ਦੇਰ - ਦੇਰ ਤੱਕ ਕਾਫੀ ਸਮਾਂ ਖੇਡੀ ਜਾਂਦੀ ਹੁੰਦੀ ਸੀ। ਜਦੋਂ ਕੋਈ ਮੀਂਹ - ਝੱਖੜ ਆ ਜਾਂਦਾ , ਹਨੇਰਾ ਹੋ ਜਾਂਦਾ ਜਾਂ ਖੇਡਣ ਵਾਲੇ ਬੱਚਿਆਂ ਨੂੰ ਉਹਨਾਂ ਦੇ ਘਰੋਂ ਸੱਦਾ ਆ ਜਾਂਦਾ ਤਾਂ ਇਹ ਖੇਡ ਖਤਮ ਹੋ ਜਾਂਦੀ ਹੁੰਦੀ ਸੀ। ਪਿਆਰੇ ਬੱਚਿਓ ! ਸੱਚਮੁੱਚ ਇਹ ਖੇਡ ਸਾਡੇ ਬਚਪਨ ਦੇ ਸਮਿਆਂ ਵਿੱਚ ਹਾਸੇ - ਠੱਠੇ , ਹਲਕੀ - ਫੁਲਕੀ ਕਸਰਤ ਤੇ ਆਪਸੀ ਮਿਲਵਰਤਨ ਦਾ ਸਾਧਨ ਹੋਇਆ ਕਰਦੀ ਹੁੰਦੀ ਸੀ ; ਜੋ ਅੱਜ ਸਮੇਂ ਤੇ ਹਾਲਾਤਾਂ ਦੇ ਬਦਲਣ ਕਰਕੇ ਸ਼ਾਇਦ ਕਿੱਧਰੇ ਨਜ਼ਰ ਨਹੀਂ ਆਉਂਦੀ , ਪਰ ਆਪਣੇ ਬਚਪਨ ਦੀ ਪਿਆਰੀ ਖੇਡ ਅੰਨ੍ਹਾ - ਝੋਟਾ ਅੱਜ ਵੀ ਸਾਡੇ ਜਿਹਨ ਵਿੱਚ ਰਚੀ - ਵਸੀ ਹੋਈ ਹੈ ; ਜੋ ਕਿ ਸੱਚਮੁੱਚ ਬਚਪਨ ਵਾਲੇ ਪਿਆਰ ਨੂੰ ਤਸਦੀਕ ਕਰਦੀ ਹੈ। ਸਟੇਟ ਐਵਾਰਡੀ
ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ ਸ੍ਰੀ ਅਨੰਦਪੁਰ ਸਾਹਿਬ )ਪੰਜਾਬ
( ਸਾਹਿਤ ਵਿੱਚ ਕੀਤੇ ਕਾਰਜਾਂ ਦੇ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ )
9478561356