ਬਾਬੂ ਸਿੰਘ ਰੈਹਲ ਦੀ ਸਵੈ-ਜੀਵਨੀ ‘ਵਹਿਣ ਦਰਿਆਵਾਂ ਦੇ’ ਦਿਹਾਤੀ ਸਭਿਆਚਾਰ, ਸਰਕਾਰੀ ਤੰਤਰ ਤੇ ਨੌਕਰੀਤੰਤਰ ਦੀ ਪ੍ਰਣਾਲੀ ਦਾ ਨਮੂਨਾ ਹੈ। ਇਹ ਸਵੈ-ਜੀਵਨੀ ਪਰੰਪਰਾਗਤ ਢੰਗ ਨਾਲ ਲਿਖੀਆਂ ਗਈਆਂ ਜੀਵਨੀਆਂ ਵਰਗੀ ਨਹੀਂ ਹੈ। ਇਹ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਵਰਤਾਰੇ ਅਤੇ ਜ਼ਿੰਦਗੀ ਵਿੱਚ ਵਿਚਰਦਿਆਂ ਹੋਏ ਤਜ਼ਰਬਿਆਂ ਦੀ ਜਾਣਕਾਰੀ ‘ਤੇ ਅਧਾਰਤ ਹੈ। ਬਾਬੂ ਸਿੰਘ ਰੈਹਲ ਸਰਬਾਂਗੀ ਬਹੁ-ਵਿਧਾਵੀ ਲੇਖਕ ਹੈ। ਉਸਨੇ ਕਵਿਤਾ, ਗੀਤ, ਗ਼ਜ਼ਲ, ਵਾਰਤਕ ਅਤੇ ਕਹਾਣੀਆਂ ਲਿਖੀਆਂ ਹਨ। ਉਸ ਦੇ ਚਾਰ ਕਹਾਣੀ ਸੰਗ੍ਰਹਿ ਅਤੇ ਦੋ ਵਾਰਤਕ ਦੀਆਂ ਮੌਲਿਕ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਉਹ ਦੋ ਪੁਸਤਕਾਂ ਦਾ ਸਹਿ ਮੁੱਖ ਸੰਪਾਦਕ ਹੈ। ‘ਵਹਿਣ ਦਰਿਆਵਾਂ ਦੇ’ ਉਸਦੀ ਸੱਤਵੀਂ ਪੁਸਤਕ ਹੈ। ਉਸਨੇ ਆਪਣੀ ਇਸ ਸਵੈ-ਜੀਵਨੀ ਨੂੰ 17 ਭਾਗਾਂ ਵਿੱਚ ਵੰਡਿਆ ਹੈ। ਉਸਨੇ ਬਚਪਨ ਤੋਂ ਲੈ ਕੇ ਆਪਣੀ ਜ਼ਿੰਦਗੀ ਦੀ ਜਦੋਜਹਿਦ ਦੀ ਦਾਸਤਾਂ ਬਿਆਨ ਕੀਤੀ ਹੈ। ਜੇ ਉਸਨੂੰ ਦਿਹਾਤੀ ਜੀਵਨ, ਸਰਕਾਰੀ/ਨੌਕਰੀਤੰਤਰ ਦੀ ਪ੍ਰਣਾਲੀ ਅਤੇ ਕੁਦਰਤ ਦਾ ਦ੍ਰਿਸ਼ਟਾਂਤਿਕ ਚਿਤੇਰਾ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ, ਕਿਉਂਕਿ ਉਸਨੇ ਆਪਣੀ ਸਵੈ-ਜੀਵਨੀ ਵਿੱਚ ਆਪਣੀ ਜ਼ਿੰਦਗੀ ਦੀ ਜਦੋਜਹਿਦ ਦੇ ਨਾਲ ਪਿੰਡਾਂ ਦੇ ਲੋਕਾਂ ਅਤੇ ਸਰਕਾਰੀ ਮੁਲਾਜ਼ਮਾ ਦੀ ਨੌਕਰੀ ਦੌਰਾਨ ਜਦੋਜਹਿਦ ਦਾ ਵੀ ਬਾਖ਼ੂਬੀ ਨਾਲ ਵਰਣਨ ਕੀਤਾ ਹੈ। ਪਿੰਡਾਂ ਦੀ ਰਹਿਤਲ ਬਾਰੇ ਲਿਖਦਿਆਂ ਉਸਨੇ ਪੁਰਾਣੇ ਤੇ ਆਧੁਨਿਕ ਸਮੇਂ ਦੀਆਂ ਪ੍ਰਸਥਿਤੀਆਂ ਬਾਰੇ ਵਿਆਖਿਆ ਨਾਲ ਲਿਖਿਆ ਹੈ। ਪਿੰਡਾਂ ਦੇ ਲੋਕ ਘੱਟ ਸਹੂਲਤਾਂ ਦੀ ਅਣਹੋਂਦ ਕਰਕੇ ਆਪਣੇ ਪਰਿਵਾਰਾਂ ਦੇ ਨਿਰਬਾਹ ਲਈ ਹਮੇਸ਼ਾ ਲਟਾਪੀਂਘ ਹੋਏ ਰਹਿੰਦੇ ਹਨ, ਪ੍ਰੰਤੂ ਉਹ ਸੰਤੁਸ਼ਟਤਾ, ਹੌਸਲੇ, ਦਲੇਰੀ ਅਤੇ ਮਿਹਨਤ ਦਾ ਮੁਜੱਸਮਾ ਹੁੰਦੇ ਹਨ। ਪਿੰਡਾਂ ਵਿੱਚ ਹਰ ਵਰਗ, ਜ਼ਾਤ ਤੇ ਫਿਰਕੇ ਦੇ ਲੋਕ ਰਹਿੰਦੇ ਹਨ ਪ੍ਰੰਤੂ ਉਨ੍ਹਾਂ ਵਿੱਚ ਹਮੇਸ਼ਾ ਸਦਭਾਵਨਾ ਦਾ ਵਾਤਾਵਰਨ ਬਣਿਆਂ ਰਹਿੰਦਾ ਹੈ ਤੇ ਇੱਕ ਦੂਜੇ ‘ਤੇ ਨਿਰਭਰ ਹੁੰਦੇ ਹਨ। ਇੱਕਾ-ਦੁੱਕਾ ਲੋਕ ਜ਼ਾਤ-ਪਾਤ ਦੇ ਬੰਧਨਾਂ ਵਿੱਚ ਵੀ ਬੱਝੇ ਹੁੰਦੇ ਹਨ। ਸਾਰੇ ਧਰਮਾ ਦੇ ਧਾਰਮਿਕ ਸਥਾਨ ਹੁੰਦੇ ਹਨ, ਜੋ ਆਪਸੀ ਸਹਿਹੋਂਦ, ਏਕਤਾ ਤੇ ਅਖੰਡਤਾ ਦਾ ਪ੍ਰਤੀਕ ਹੁੰਦੇ ਹਨ। ਸ਼ਹਿਰਾਂ ਦੀ ਤਰ੍ਹਾਂ ਪਿੰਡਾਂ ਵਿੱਚ ਧਾਰਮਿਕ ਵੰਡੀਆਂ ਨਹੀਂ ਹੁੰਦੀਆਂ, ਨਫ਼ਰਤ ਕੋਹਾਂ ਦੂਰ ਹੁੰਦੀ ਹੈ। ਬਾਬੂ ਸਿੰਘ ਰੈਹਲ ਨੇ ਦਿਹਾਤੀ ਸਭਿਆਚਾਰ ਦੀ ਤਸਵੀਰ ਖਿੱਚਕੇ ਰੱਖ ਦਿੱਤੀ ਹੈ। ਦਿਹਾਤੀ ਖੇਡਾਂ ਵੀ ਲੋਕਾਂ ਵਿੱਚ ਸਪੋਰਟਸਮੈਨ ਸਪਿਰਟ ਪੈਦਾ ਕਰਦੀਆਂ ਹਨ। ਪਿੰਡਾਂ ਵਿੱਚ ਹੋਣ ਵਾਲੇ ਮੇਲੇ, ਸਮਾਜਿਕ ਇਕੱਠ, ਘੋਲ-ਕੁਸ਼ਤੀਆਂ ਅਤੇ ਕਵੀਸ਼ਰੀਆਂ, ਦੁਸਹਿਰੇ ਨੂੰ ਸਾਂਝੀ ਲਗਾਉਣਾ ਆਦਿ ਦਿਹਾਤੀ ਵਿਰਾਸਤ ਦੀ ਲੋਕ ਧਾਰਾ ਦਾ ਅੰਗ ਬਣ ਚੁੱਕੇ ਹਨ, ਉਨ੍ਹਾਂ ਬਾਰੇ ਵਿਸਤਾਰ ਨਾਲ ਲਿਖਿਆ ਹੈ। ਪਿੰਡਾਂ ਵਿੱਚ ਜ਼ਿਮੀਦਾਰਾਂ ਦੇ ਪਟਵਾਰੀਆਂ ਵੱਲੋਂ ਪਾਏ ਪੰਗਿਆਂ ਕਰਕੇ ਝਗੜੇ ਝੇੜੇ ਆਮ ਜਿਹੀ ਗੱਲ ਹੈ। ਪ੍ਰੰਤੂ ਇਹ ਲੋਕ ਇੱਕ ਦੂਜੇ ਦੇ ਸਹਾਈ ਤੇ ਦੁੱਖ-ਸੁੱਖ ਦੇ ਸਾਥੀ ਬਣਦੇ ਹਨ। ਇਹ ਸਾਡੇ ਪੰਜਾਬੀ ਸਭਿਆਚਾਰ ਦਾ ਹਿੱਸਾ ਹਨ। ਇਸ ਸਵੈ-ਜੀਵਨੀ ਵਿੱਚ ਲੇਖਕ ਨੇ ਕੁਦਰਤੀ ਵਾਤਾਵਰਨ ਨੂੰ ਵੀ ਕਮਾਲ ਦਾ ਚਿਤਰਿਆ ਹੈ। ਭਾਵੇਂ ਪੁਸਤਕ ਵਿੱਚ ਕਿਤੇ-ਕਿਤੇ ਦੁਹਰਾਓ ਵੀ ਹੈ ਪ੍ਰੰਤੂ ਰੌਚਿਕਤਾ ਬਰਕਰਾਰ ਤੇ ਪੁਸਤਕ ਪੜ੍ਹਨ ਵਿੱਚ ਦਿਲਚਸਪੀ ਬਣੀ ਰਹਿੰਦੀ ਹੈ। ਬਾਬੂ ਸਿੰਘ ਰੈਹਲ ਦੀ ਸ਼ਬਦਾਵਲੀ ਠੇਠ ਮਲਵਈ, ਰਸਮਈ, ਕਾਵਿਮਈ ਅਤੇ ਸ਼ੈਲੀ ਵੀ ਦਰਿਆਵਾਂ ਦੇ ਵਹਿਣ ਦੀ ਤਰ੍ਹਾਂ ਦਿਲ ਨੂੰ ਟੁੰਬਣ ਵਾਲੀ ਹੈ ਕਿਉਂਕਿ ਉਸਨੇ ਸਾਹਿਤਕ ਪਿਉਂਦ ਦਿੱਤੀ ਹੋਈ ਹੈ। ਇੱਕ ਕਿਸਮ ਨਾਲ ਉਸਦੀ ਇਹ ਸਾਹਿਤਕ ਸਵੈ-ਜੀਵਨੀ ਵੀ ਹੈ, ਕਿਉਂਕਿ ਉਸਨੇ ਆਪਣੀਆਂ ਸਾਹਿਤਕ ਸਰਗਰਮੀਆਂ ਬਾਰੇ ਵੀ ਵਿਸਤਾਰ ਨਾਲ ਲਿਖਿਆ ਹੈ। ਉਸਨੂੰ ਸਾਹਿਤਕ ਮਸ ਕਿਵੇਂ ਲੱਗੀ, ਉਸਤੋਂ ਬਾਅਦ ਲੜੀਵਾਰ ਕਿਵੇਂ ਤੇ ਕਿੱਥੇ-ਕਿੱਥੇ ਰਹਿੰਦਿਆਂ ਵਿਕਸਤ ਹੋਈ। ਸਾਹਿਤ ਸਭਾਵਾਂ ਵਿੱਚ ਬਾਬੂ ਸਿੰਘ ਰੈਹਲ ਨੇ ਆਪਣੇ ਯੋਗਦਾਨ ਅਤੇ ਆਪਣੀਆਂ ਕਹਾਣੀਆਂ ਦੇ ਸਫਰ ਦਾ ਚਿੱਠਾ ਲਿਖਿਆ ਹੈ। ਸਰਕਾਰੀ ਅਤੇ ਗ਼ੈਰ ਸਰਕਾਰੀ ਰਸਾਲਿਆਂ ਵਿੱਚ ਪ੍ਰਕਾਸ਼ਤ ਹੋਣ ਅਤੇ ਵੱਡੇ ਸਾਹਿਤਕਾਰਾਂ ਨੂੰ ਮਿਲਣ ਦੇ ਇਤਫਾਕ ਤੇ ਮਿਲੇ ਮੋਹ-ਮੁਹੱਬਤ ਤੇ ਆਸ਼ੀਰਵਾਦ ਦਾ ਵੀ ਵਰਣਨ ਕੀਤਾ ਹੈ। ਲੇਖਕ ਦੇ ਆਪਣੇ ਵਿਭਾਗ ਦੀ ਯੂਨੀਅਨ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨਾਂ ਅਤੇ ਉਨ੍ਹਾਂ ਦੇ ਨਤੀਜਿਆਂ ਬਾਰੇ ਵੀ ਲਿਖਿਆ ਗਿਆ ਹੈ। ਬਾਬੂ ਸਿੰਘ ਰੈਹਲ ਦੀ ਨੌਕਰੀ ਸਮੇਂ ਉਸਦੇ ਆਪਣੇ ਦਫ਼ਤਰੀ ਅਧਿਕਾਰੀਆਂ, ਕਰਮਚਾਰੀਆਂ ਅਤੇ ਜਿਥੇ ਕਿਤੇ ਵੀ ਉਹ ਰਿਹਾ, ਆਂਢੀਆਂ ਗੁਆਂਢੀਆਂ ਤੇ ਉਥੋਂ ਦੇ ਸਥਾਨਕ ਵਸਨੀਕਾਂ ਨਾਲ ਭਾਈਚਾਰਕ ਸਾਂਝ ਬਾਰੇ ਵੀ ਲਿਖਿਆ ਗਿਆ ਹੈ, ਜਿਸਤੋਂ ਪਤਾ ਲੱਗਦਾ ਹੈ ਕਿ ਉਸਦੇ ਦੋਸਤੀ ਵਾਲੇ ਸੰਬੰਧ ਨੌਕਰੀ ਅਤੇ ਸਮਾਜਿਕ ਜੀਵਨ ਵਿੱਚ ਸਫ਼ਲ ਹੋਣ ਵਿੱਚ ਸਹਾਇਕ ਸਾਬਤ ਹੁੰਦੇ ਰਹੇ ਹਨ ਅਤੇ ਸਮਾਜਿਕ ਵਾਤਵਰਨ ਸਦਭਾਵਨਾ ਵਾਲਾ ਤੇ ਸੁੱਖਦਾਈ ਰਿਹਾ ਹੈ। 25 ਸਾਲ ਦੀ ਉਮਰ ਵਿੱਚ ਲੇਖਕ ਨੂੰ ਪੱਕੀ ਨੌਕਰੀ ਮਿਲ ਗਈ ਸੀ ਅਤੇ 30 ਸਾਲ ਦੀ ਉਮਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਿਆ। ਦੋ ਬੱਚੇ ਲੜਕਾ ਤੇ ਲੜਕੀ ਦੋਹਾਂ ਨੂੰ ਪੜ੍ਹਾਇਆ ਤੇ ਜ਼ਿੰਦਗੀ ਵਿੱਚ ਸੈਟਲ ਕਰਵਾਇਆ। ਮਿਹਨਤ ਅਤੇ ਲਗਨ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਕਰਕੇ ਤਰੱਕੀਆਂ ਕਰਦਾ ਰਿਹਾ। ਬਾਬੂ ਸਿੰਘ ਰੈਹਲ ਦਾ ਜਨਮ ਪਿਤਾ ਅਰਜਣ ਸਿੰਘ ਦੇ ਘਰ ਦਲੀਪ ਕੌਰ ਦੀ ਕੁੱਖੋਂ ਪਟਿਆਲਾ ਜ਼ਿਲ੍ਹੇ ਦੀ ਨਾਭਾ ਤਹਿਸੀਲ ਦੇ ਪਿੰਡ ਮਲ੍ਹੇਵਾਲ ਵਿਖੇ 17 ਅਗਸਤ 1941 ਨੂੰ ਹੋਇਆ (ਉਦੋਂ ਨਾਭਾ ਰਿਆਸਤ)। ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਗਿਆਨੀ, ਬੀ.ਏ. ਅਤੇ ਐਮ.ਏ ਉਸਨੇ ਨੌਕਰੀ ਕਰਦਿਆਂ ਹੀ ਪਾਸ ਕੀਤੀਆਂ। ਉਸਨੂੰ ਜ਼ਿੰਦਗੀ ਵਿੱਚ ਸਥਾਪਤ ਹੋਣ ਲਈ ਅਨੇਕਾਂ ਵੇਲਣ ਵੇਲਣੇ ਪਏ। ਪਿਤਾ ਨਾਲ ਖੇਤੀ ਦਾ ਕੰਮ ਵੀ ਕਰਨਾ ਪਿਆ ਪ੍ਰੰਤੂ ਸਿਹਤ ਕਮਜ਼ੋਰ ਹੋਣ ਕਰਕੇ ਨੌਕਰੀ ਨੂੰ ਤਰਜੀਹ ਦਿੱਤੀ। ਪਟਵਾਰੀ ਦੀ ਸਿੱਖਿਆ ਪ੍ਰਾਪਤ ਵੀ ਕੀਤੀ, ਨਹਿਰੀ ਵਿਭਾਗ ਵਿੱਚ ਕੲਂੀ ਛੋਟੀਆਂ-ਛੋਟੀਆਂ ਐਡਹਾਕ ਨੌਕਰੀਆਂ ਵੀ ਕੀਤੀਆਂ ਅਤੇ ਅਖ਼ੀਰ ਡਾਕ ਤਾਰ ਵਿਭਾਗ ਵਿੱਚ ਤਾਰ ਬਾਬੂ ਤੋਂ ਸ਼ਰੂ ਕਰਕੇ ਸੀਨੀਅਰ ਟੈਲੀਗ੍ਰਾਫ਼ ਮਾਸਟਰ ਦੇ ਅਹੁਦੇ ਤੱਕ ਪਹੁੰਚ ਗਿਆ। ਆਮ ਤੌਰ ‘ਤੇ ਸਵੈ-ਜੀਵਨੀਆਂ ਵਿੱਚ ਆਪਣੀਆਂ ਪ੍ਰਾਪਤੀਆਂ ਬਾਰੇ ਹੀ ਲਿਖਿਆ ਜਾਂਦਾ ਹੈ ਪ੍ਰੰਤੂ ਬਾਬੂ ਸਿੰਘ ਰੈਹਲ ਨੇ ਆਪਣੀਆਂ ਕਮਜ਼ੋਰੀਆਂ ਵੀ ਬੇਬਾਕੀ ਨਾਲ ਲਿਖੀਆਂ ਹਨ। ਦਿਹਾਤੀ ਕਿਸਾਨੀ ਪਰਿਵਾਰਾਂ ਦੀਆਂ ਸਮੱਸਿਆਵਾਂ, ਘਰੇਲੂ ਖਿੱਚੋਤਾਣ ਅਤੇ ਪਰਿਵਾਰਾਂ ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਹੋਣ ਕਰਕੇ ਭਰਾਵਾਂ ਵਿੱਚ ਨਿੱਕੇ-ਮੋਟੇ ਮਨ-ਮੁਟਾਵਾਂ ਬਾਰੇ ਵੀ ਬੇਝਿਜਕ ਹੋ ਕੇ ਲਿਖਿਆ ਹੈ ਪ੍ਰੰਤੂ ਇਸ ਤੋਂ ਇੱਕ ਸਬਕ ਮਿਲਦਾ ਹੈ ਕਿ ਸਬਰ ਸੰਤੋਖ ਵਾਲੇ ਵਿਅਕਤੀ ਨੂੰ ਹਮੇਸ਼ਾ ਸਫ਼ਲਤਾ ਮਿਲਦੀ ਹੈ। ਉਸਦੀ ਜ਼ਿੰਦਗੀ ਦੀ ਜਦੋਜਹਿਦ ਨੌਜਵਾਨਾ ਲਈ ਪ੍ਰੇਰਨਾ ਸ੍ਰੋਤ ਸਾਬਤ ਹੋ ਸਕਦੀ ਹੈ। ਪੋਸਟ ਤੇ ਟੈਲੀਗ੍ਰਾਫ਼ ਵਿਭਾਗ ਦੀ ਯੂਨੀਅਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਕਰਕੇ ਬਾਬੂ ਸਿੰਘ ਰੈਹਲ ਨੇ ਸਮੁੱਚੇ ਭਾਰਤ ਅਤੇ ਨਾਲ ਲਗਦੇ ਭੁਟਾਨ ਤੇ ਸਿਕਮ ਦੇ ਸੈਰ ਸਪਾਟਾ ਵਾਲੇ ਇਲਾਕਿਆਂ ਦੀ ਖ਼ੂਬ ਸੈਰ ਕੀਤੀ। ਯੂਨੀਅਨ ਦੀਆਂ ਕਾਨਫ਼ਰੰਸਾਂ ਵਿੱਚ ਰੇਲ, ਬਸ ਅਤੇ ਸਮੁੰਦਰ ਰਾਹੀਂ ਸਫ਼ਰ ਕਰਦਿਆਂ ਲੇਖਕ ਨੇ ਕੁਦਰਤ ਦੀ ਕਾਇਨਾਤ ਬਾਰੇ ਬੜੇ ਸੁੰਦਰ ਅਤੇ ਸੁਹਾਵਣੇ ਵਾਤਾਵਰਨ ਬਾਰੇ ਕਮਾਲ ਦੀ ਸ਼ਬਦਾਵਲੀ ਨਾਲ ਵਰਣਨ ਕੀਤਾ ਹੈ। 11ਤੋਂ 17 ਚੈਪਟਰਾਂ ਵਿੱਚ ਤਾਂ ਉਸ ਨੇ ਆਪਣੀਆਂ ਯੂਨੀਅਨ ਦੀਆਂ ਮੀਟਿੰਗਾਂ ਵਿੱਚ ਹਿੱਸਾ ਲੈਣ, ਸੈਰ ਸਪਾਟਾ ਸਥਾਨਾਂ, ਅਜਾਇਬ ਘਰ, ਕਿਲੇ, ਬੀਚਜ਼, ਧਾਰਮਿਕ ਮੰਦਰਾਂ ਗੁਰਦੁਆਰਿਆਂ ਅਤੇ ਇਤਿਹਾਸਕ ਥਾਵਾਂ ਦੀ ਯਾਤਰਾ ਦਾ ਵਿਸਤਾਰ ਨਾਲ ਵਿਵਰਣ ਦਿੱਤਾ ਹੈ। ਬਾਬੂ ਸਿੰਘ ਰੈਹਲ ਦੀ ਸਵੈ-ਜੀਵਨੀ ਪੜ੍ਹਕੇ ਪਤਾ ਲੱਗਿਆ ਹੈ ਕਿ ਉਸਨੇ ਭਾਰਤ ਦੇ ਲਗਪਗ ਸਾਰੇ ਮਹੱਤਵਪੂਰਨ ਸੈਰ ਸਪਾਟਾ ਸਥਾਨਾ ਅਤੇ ਮੰਦਰਾਂ ਦੇ ਦਰਸ਼ਨ ਕੀਤੇ ਹਨ। ਇਨ੍ਹਾਂ ਪਵਿਤਰ ਸਥਾਨਾ ਤੇ ਕੀਤੀ ਚਿਤਰਕਾਰੀ ਬਾਰੇ ਬਿਹਤਰੀਨ ਢੰਗ ਨਾਲ ਲਿਖਿਆ ਹੈ। ਇਹ ਵੀ ਪਤਾ ਲੱਗਦਾ ਹੈ ਕਿ ਉਹ ਉਸਨੂੰ ਮਿਲਣ ਵਾਲੇ ਹਰ ਵਿਅਕਤੀ ਨਾਲ ਪਰਿਵਾਰਿਕ ਸੰਬੰਧ ਬਣਾ ਕੇ ਵਿਚਰਦਾ ਰਹਿੰਦਾ ਹੈ। ਇੱਥੋਂ ਤੱਕ ਕਿ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਆਲ ਇੰਡੀਆ ਬੀ.ਐਸ.ਐਨ.ਐਲ.ਪੈਨਸਨਰਜ਼ ਐਸੋਸੀਏਸ਼ਨ ਦਾ ਮੈਂਬਰ ਬਣਕੇ ਵਿਚਰਦਾ ਆ ਰਿਹਾ ਹੈ।
ਸੰਪਰਕ : ਬਾਬੂ ਸਿੰਘ ਰੈਹਲ 6284121600
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਉਜਾਗਰ ਸਿੰਘ