ਫਤਹਿਗੜ੍ਹ ਸਾਹਿਬ : ਪਿੰਡਾਂ ਦੇ ਲੋਕਾਂ ਨੂੰ ਘਰ ਘਰ ਸਾਫ ਸੂਥਰਾ ਪੀਣ ਵਾਲਾ ਸਵੱਛ ਪਾਣੀ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਮਿਸ਼ਨ ਤਹਿਤ 448.63 ਲੱਖ ਰੁਪਏ ਖਰਚ ਕਰਕੇ 16 ਨਵੇਂ ਟਿਊਬਵੈੱਲ ਲਗਾਉਣ ਦੇ ਨਾਲ-ਨਾਲ ਚਾਲੂ ਜਲ ਸਪਲਾਈ ਸਕੀਮਾਂ ਦੀ ਮੁਰੰਮਤ ਕਰਵਾਈ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਜਲ ਸਪਲਾਈ ਅਤੇ ਸੈਨੀਟੇਸ਼ਨ ਮਿਸ਼ਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਤਹਿਤ ਪਿੰਡਾਂ ਦੇ ਲੋਕਾਂ ਨੂੰ ਘਰ ਘਰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਅਧੀਨ ਜਿਲ੍ਹੇ ਵਿੱਚ ਜਿਨ੍ਹਾਂ ਜਿਨ੍ਹਾਂ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਨਹੀਂ ਸਨ ਨਵੇਂ ਟਿਊਬਵੈੱਲ ਲਗਾਕੇ ਜਲ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਜੋ ਜ਼ਿਲ੍ਹੇ ਦੇ 100ਫੀਸਦੀ ਨਾਗਰਿਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਇਸਤੋਂ ਇਲਾਵਾ ਜਿੰਨ੍ਹਾਂ ਪਿੰਡਾਂ ਵਿੱਚ ਪਹਿਲਾਂ ਤੋਂ ਹੀ ਜਲ ਸਪਲਾਈ ਸਕੀਮਾਂ ਚਲ ਰਹੀਆਂ ਉਨ੍ਹਾਂ ਵਿੱਚ ਪਾਈਪਾਂ ਲੀਕ ਹੋਣ ਦੀ ਸਮੱਸਿਆ ਕਾਰਨ ਲੋਕਾਂ ਨੂੰ ਸਾਫ ਪਾਣੀ ਨਹੀਂ ਮਿਲ ਰਿਹਾ, ਉੱਥੇ ਨਵੀਆਂ ਪਾਈਪਾਂ ਪਾਉਣ ਦੇ ਨਾਲ ਨਾਲ ਹੋਰ ਲੋੜੀਂਦੀ ਮੁਰੰਮਤ ਕਰਵਾਕੇ ਜਲ ਸਪਲਾਈ ਸਕੀਮਾਂਨੂੰ ਮੁੜ ਤੋਂ ਸਵੱਛ ਪਾਣੀ ਮੁਹੱਈਆ ਕਰਵਾਉਣ ਲਈ ਤਿਆਰ ਕੀਤਾ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਰ ਘਰ ਤੱਕ ਸਾਫ ਸੂਧਰਾ ਪੀਣ ਵਾਲਾ ਪਾਣੀ ਪਹੁੰਚਾਉਣਾ ਯਕੀਨੀ ਬਣਾਉਣ ਤਾਂ ਜੋ ਪਿੰਡਾਂ ਦੇ ਲੋਕ ਗੰਦਾ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬੱਚ ਕੇ ਸਿਹਤਮੰਦ ਜਿੰਦਗੀ ਜੀਅ ਸਕਣ। ਇਸ ਮੌਕੇ ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫ਼ਸਰ ਸ੍ਰੀ ਹਿਤੇਨ ਕਪਲਾ, ਕਾਰਜਾਕਾਰੀ ਇੰਜਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਈਸ਼ਾਨ ਕੌਸ਼ਲ ਡਿਪਟੀ ਐਸ.ਡੀ.ਓ. ਸ੍ਰੀ ਗੌਤਮ ਜਿੰਦਲ, ਡਿਪਟੀ ਡੀ.ਓ.ਐਲੀਮੈਂਟਰੀ ਸ੍ਰੀ ਦੀਦਾਰ ਸਿੰਘ ਮਾਂਗਟ ਅਤੇ ਡਿਪਟੀ ਡੀ.ਓ. ਸੈਕੰਡਰੀ ਸ੍ਰੀ ਸਮਸ਼ੇਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜਰ ਸਨ।