ਪਟਿਆਲਾ : ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਲਗਾਏ ਹੋਏ 'ਮਿੰਨ੍ਹੀ ਜੰਗਲ' ਦੀ ਸਾਫ਼-ਸਫ਼ਾਈ ਲਈ ਐੱਨ. ਐੱਸ. ਐੱਸ. ਵਿਭਾਗ ਵੱਲੋਂ ਇੱਕ ਰੋਜ਼ਾ ਕੈਂਪ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਇੰਜਨੀਅਰਿੰਗ ਕਾਲਜ ਵਾਲ਼ੇ ਪਾਸੇ 900 ਬੂਟੇ ਲਗਾ ਕੇ 'ਮਿੰਨ੍ਹੀ ਜੰਗਲ' ਬਣਾਇਆ ਗਿਆ ਸੀ। ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਇਸ ਜੰਗਲ ਦੇ ਪੌਦਿਆਂ ਨੂੰ ਆਉਣ ਵਾਲ਼ੀਆਂ ਰੁਕਾਵਟਾਂ ਤੋਂ ਬਚਾ ਕੇ ਸੁਰੱਖਿਅਤ ਕਰਨਾ ਸੀ।ਉਨ੍ਹਾਂ ਦੱਸਿਆ ਕਿ ਇਹ ਕੈਂਪ ਐੱਨ. ਐੱਸ. ਐੱਸ. ਵਲੰਟੀਅਰਾਂ ਅਤੇ ਈਕੋ ਕਲੱਬ ਦੇ ਮੈਂਬਰਾਂ ਨੇ ਸਾਂਝੇ ਤੌਰ ਉੱਤੇ ਲਗਾਇਆ।
ਇਸ ਮੌਕੇ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਦਰੱਖਤਾਂ ਦੀ ਛੰਗਾਈ ਅਤੇ ਕਾਂਟ-ਛਾਂਟ ਲਈ ਭਰਪੂਰ ਸਿੰਘ ਦੀ ਅਗਵਾਈ ਵਿੱਚ ਟੀਮ ਪਹੁੰਚੀ ਸੀ। ਇਸ ਕੈਂਪ ਦਾ ਮੁੱਖ ਉਦੇਸ਼ ਵਾਤਾਵਰਣ ਦੀ ਸਾਂਭ ਸੰਭਾਲ਼ ਅਤੇ ਵਿਰਾਸਤੀ ਰੁੱਖ ਲਗਾਉਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਨਾ ਸੀ। ਕੈਂਪ ਉਪਰੰਤ ਇੱਕ ਰੈਲੀ ਪਿੰਡ ਦੌਣ ਖੁਰਦ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਕੱਢੀ ਗਈ। ਰਾਊਂਡ ਗਲਾਸ ਫਾਊਂਡੇਸ਼ਨ ਤੋਂ ਭਰਪੂਰ ਸਿੰਘ ਨੇ ਕਿਹਾ ਕਿ ਸਾਨੂੰ ਹਰੇਕ ਪਿੰਡ ਵਿੱਚ ਇਸ ਤਰ੍ਹਾਂ ਦੇ ਜੰਗਲ ਲਗਾਉਣ ਲਈ ਮੁਹਿੰਮ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਇਸ ਕੈਂਪ ਵਿੱਚ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਸਿੱਧੂ ਅਤੇ ਡਾ. ਅਭਿਨਵ ਭੰਡਾਰੀ ਸਮੇਤ ਲਗਭਗ 35 ਐੱਨ. ਐੱਸ. ਐੱਸ. ਵਲੰਟੀਅਰਾਂ ਅਤੇ ਈਕੋ ਕਲੱਬ ਦੇ ਮੈਂਬਰ ਨੇ ਭਾਗ ਲਿਆ।