ਫਤਹਿਗੜ੍ਹ ਸਾਹਿਬ : ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਿਨ ਰਾਤ ਇੱਕ ਕਰਕੇ ਬੜੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਇਸਦਾ ਪੁਖਤਾ ਸਬੂਤ ਫਤਹਿਗੜ੍ਹ ਸਾਹਿਬ ਦਾ ਐਸ.ਡੀ.ਐਮ. ਕੰਪਲੈਕਸ ਹੈ, ਜਿਹੜ੍ਹਾ ਕਿ ਅਨੁਮਾਨਿਤ ਲਾਗਤ ਤੋਂ ਕੀਤੇ ਘੱਟ ਰੁਪਇਆਂ ਵਿੱਚ ਬਣ ਕੇ ਤਿਆਰ ਹੋ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਤਹਿਸੀਲ ਕੰਪਲੈਕਸ ਫਤਹਿਗੜ੍ਹ ਸਾਹਿਬ ਨੂੰ ਲੋਕ ਅਰਪਣ ਕਰਨ ਮੌਕੇ ਕੀਤਾ। ਐਡਵੋਕੇਟ ਰਾਏ ਨੇ ਦੱਸਿਆ ਕਿ ਇਸ ਕੰਪਲੈਕਸ ਦੀ ਅਨੁਮਾਨਿਤ ਲਾਗਤ 05 ਕਰੋੜ 50 ਲੱਖ ਸੀ, ਪਰ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ 04 ਕਰੋੜ 84 ਲੱਖ ਰੁਪਏ ਵਿੱਚ ਹੀ ਤਿਆਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸੁਨਣ ਵਿੱਚ ਆਉਂਦਾ ਹੁੰਦਾ ਸੀ ਕਿ ਦਿੱਲੀ ਵਿੱਚ ਘੱਟ ਲਾਗਤ ਨਾਲ ਵਿਕਾਸ ਕਾਰਜ ਹੁੰਦੇ ਹਨ, ਪਰ ਹੁਣ ਸਾਡੀ ਸਰਕਾਰ ਨੇ ਪੰਜਾਬ ਵਿੱਚ ਵੀ ਇਮਾਨਦਾਰੀ ਨਾਲ ਕੰਮ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਲੋਕਾਂ ਦਾ ਪੈਸਾ ਬਚਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਵਧੀਆਂ ਸੁਵਿਧਾਵਾਂ ਵੀ ਦਿੱਤੀਆਂ ਜਾ ਸਕਦੀਆਂ ਹਨ। ਸ੍ਰੀ ਰਾਏ ਨੇ ਕਿਹਾ ਕਿ ਇਸ ਤਹਿਸੀਲ ਕੰਪਲੈਕਸ ਬਨਣ ਨਾਲ ਹਲਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ । ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇੱਕੋ ਛੱਤ ਹੇਠ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਨਵੇਂ ਬਣੇ ਤਹਿਸੀਲ ਕੰਪਲੈਕਸ ਵਿੱਚ ਐਸਡੀਐਮ ਦਫਤਰ ਅਤੇ ਤਹਿਸੀਲਦਾਰ ਦਫਤਰ ਸ਼ਿਫਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਕਿਸੇ ਵੀ ਹਾਲ ਪੰਜਾਬ ਵਾਸੀਆਂ ਨੂੰ ਸਰਕਾਰੀ ਸੇਵਾਵਾਂ ਲਈ ਖੱਜਲ-ਖੁਆਰ ਨਾ ਹੋਣਾ ਪਵੇ। ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਤਹਿਸੀਲ ਕੰਪਲੈਕਸ ਵਿੱਚ ਪਾਰਕਿੰਗ ਦੀ ਬਹੁਤ ਜਿਆਦਾ ਸਮੱਸਿਆ ਸੀ, ਹੁਣ ਨਵਾਂ ਤਹਿਸੀਲ ਕੰਪਲੈਕਸ ਬਣਨ ਨਾਲ ਲੋਕਾਂ ਨੂੰ ਪਾਰਕਿੰਗ ਸਬੰਧੀ ਕੋਈ ਵੀ ਸਮੱਸਿਆ ਨਹੀਂ ਆਵੇਗੀ। ਇਸ ਦੇ ਨਾਲ ਹੀ ਇਸ ਤਿੰਨ ਮੰਜ਼ਿਲਾ ਤਹਿਸੀਲ ਕੰਪਲੈਕਸ ਵਿੱਚ ਸਾਫ ਸੁਥਰੇ ਵਾਸ਼ਰੂਮ, ਹਵਾਦਾਰ ਕਮਰੇ, ਲਿਫਟ, ਬਜ਼ੁਰਗਾਂ ਅਤੇ ਦਵਿਆਂਗਾਂ ਲਈ ਰੈਂਪ ,ਪੀਣ ਵਾਲਾ ਪਾਣੀ, ਲੋਕਾਂ ਨੂੰ ਬੈਠਣ ਲਈ ਵਧੀਆ ਫਰਨੀਚਰ ਅਤੇ ਹੋਰ ਅਤਿ ਆਧੁਨਿਕ ਸੁਵਿਧਾਵਾਂ ਮਹਈਆ ਕਰਵਾਈਆਂ ਗਈਆਂ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨਵੇਂ ਤਹਿਸੀਲ ਕੰਪਲੈਕਸ ਵਿੱਚ ਬੁੱਧਵਾਰ ਤੋਂ ਹੀ ਰਜਿਸਟਰੀਆਂ ਤੇ ਹੋਰ ਕੰਮ ਕਾਜ ਸੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਰਾਣੇ ਤਹਿਸੀਲ ਕੰਪਲੈਕਸ ਦੀ ਬਿਲਡਿੰਗ ਬਹੁਤ ਹੀ ਪੁਰਾਣੀ ਹੋ ਚੁੱਕੀ ਸੀ, ਜਿੱਥੇ ਸਟਾਫ ਨੂੰ ਬੈਠ ਕੇ ਕੰਮਕਾਜ ਕਰਨ ਵਿੱਚ ਦਿੱਕਤ ਪੇਸ਼ ਆਉਂਦੀ ਸੀ ਅਤੇ ਲੋਕਾਂ ਨੂੰ ਵੀ ਬੈਠਣ ਲਈ ਕੋਈ ਥਾਂ ਨਹੀਂ ਸੀ। ਹੁਣ ਨਵੀਂ ਬਿਲਡਿੰਗ ਬਨਣ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਸਡੀਐਮ ਅਤੇ ਤਹਿਸੀਲ ਦਫਤਰ ਨਾਲ ਸਬੰਧਤ ਆਪਣੇ ਕੰਮ ਸਿਵਲ ਹਸਪਤਾਲ ਦੇ ਸਾਹਮਣੇ ਬਣੀ ਨਵੀਂ ਬਿਲਡਿੰਗ ਵਿੱਚ ਹੀ ਆਪਣੇ ਕੰਮ ਲਈ ਪਹੁੰਚ ਕਰਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜਨ) ਸ਼੍ਰੀਮਤੀ ਈਸਾ ਸਿੰਗਲ,ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਰਿੰਦਰ ਸਿੰਘ ਧਾਲੀਵਾਲ, ਐਸਡੀਐਮ ਫਤਿਹਗੜ੍ਹ ਸਾਹਿਬ ਸ਼੍ਰੀਮਤੀ ਇਸਮਿਤ ਵਿਜੇ ਸਿੰਘ, ਸਹਾਇਕ ਕਮਿਸ਼ਨਰ ਸ਼੍ਰੀਮਤੀ ਮਨਦੀਪ ਕੌਰ, ਮੁੱਖ ਮੰਤਰੀ ਫੀਲਡ ਅਫਸਰ ਸ੍ਰੀ ਅਭਿਸ਼ੇਕ ਸ਼ਰਮਾ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਸ਼੍ਰੀ ਗੁਰਵਿੰਦਰ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਕੰਵਰਵੀਰ ਸਿੰਘ ਰਾਏ, ਸ੍ਰੀ ਗੁਰਸਤਿੰਦਰ ਸਿੰਘ ਜੱਲ੍ਹਾ, ਸਤੀਸ਼ ਲਟੋਰ, ਅਮਰਿੰਦਰ ਸਿੰਘ ਮਡੋਫਲ, ਕੁਲਵਿੰਦਰ ਸਿੰਘ, ਅਸੀਸ ਅੱਤਰੀ, ਪਵੇਲ ਹਾਂਡਾ, ਸ਼ਨੀ ਚੋਪੜਾ, ਰਾਹੁਲ ਸ਼ਰਮਾ, ਜਗਜੀਤ ਸਿੰਘ ਰਿਊਨਾ, ਸਤਿੰਦਰ ਸਿੰਘ ਮਲਕੁਪਰ, ਬਲਦੇਵ ਸਿੰਘ ਭੱਲਮਾਜਰਾ, ਰਜੇਸ ਕੁਮਾਰ ਸ਼ਰਮਾਂ, ਹਰਮਿੰਦਰ ਬਿੱਟੂ ਸੂਦ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।