ਪਟਿਆਲਾ : ਭਾਰਤੀ ਜਨਤਾ ਪਾਰਟੀ ਦੀ ਪ੍ਰਚਾਰ ਪ੍ਰਸਾਰ ਮੁਹਿੰਮ ਤਹਿਤ, ਪੰਜਾਬ ਮਹਿਲਾ ਮੋਰਚਾ ਨੇ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ਵਿੱਚ ਪਟਿਆਲਾ ਵਿੱਚ ਇੱਕ ਵਿਸ਼ਾਲ ਨਾਰੀ ਸ਼ਕਤੀ ਵੰਦਨ ਯਾਤਰਾ ਕੱਢੀ। ਇਹ ਯਾਤਰਾ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮਹਿਲਾ ਮੋਰਚਾ ਵੱਲੋਂ ਕੱਢੀ ਗਈ, ਜਿਸ ਦਾ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਭਾਰਤ ਵਿੱਚ ਔਰਤਾਂ ਦੇ ਸਸ਼ਕਤੀਕਰਨ ਲਈ ਚੁੱਕੇ ਗਏ ਕਦਮਾਂ ਨੂੰ ਉਜਾਗਰ ਕਰਨਾ ਸੀ।
ਇਸ ਮੌਕੇ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਕਿ, "ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ ਵਿੱਚ ਔਰਤਾਂ ਲਈ ਵੱਖ-ਵੱਖ ਭਲਾਈ ਸਕੀਮਾਂ ਚਲਾ ਕੇ ਭਾਰਤ ਦੀਆਂ ਔਰਤਾਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਮੋਦੀ ਸਰਕਾਰ ਦੀਆਂ ਸਕੀਮਾਂ ਸਦਕਾ ਅੱਜ ਔਰਤਾਂ ਨਾ ਸਿਰਫ਼ ਬਰਾਬਰ ਬਣ ਗਈਆਂ ਹਨ, ਸਗੋਂ ਕਈ ਖੇਤਰਾਂ ਵਿੱਚ ਮਰਦਾਂ ਤੋਂ ਵੀ ਅੱਗੇ ਨਿਕਲ ਗਈਆਂ ਹਨ। ਔਰਤਾਂ ਲਈ 33% ਰਾਖਵਾਂਕਰਨ ਲਿਆ ਕੇ ਮੋਦੀ ਸਰਕਾਰ ਨੇ ਉੱਚ ਪੱਧਰ 'ਤੇ ਸਮਾਵੇਸ਼ੀ ਸ਼ਾਸਨ ਯਕੀਨੀ ਬਣਾਉਣ ਲਈ ਇੱਕ ਇਤਿਹਾਸਕ ਕਦਮ ਚੁੱਕਿਆ ਹੈ।"
ਮਹਿਲਾ ਮੋਰਚਾ ਪ੍ਰਧਾਨ ਨੇ ਅੱਗੇ ਕਿਹਾ, "ਮੋਦੀ ਜੀ ਦੀ ਅਗਵਾਈ ਵਿੱਚ ਬਹੁਤ ਸਾਰੀਆਂ ਭਲਾਈ ਸਕੀਮਾਂ ਸ਼ੁਰੂ ਕਰਨ ਨਾਲ ਔਰਤਾਂ ਦੀ ਸਥਿਤੀ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਰਹੀ ਹੈ, ਸਰਕਾਰ ਵੱਲੋਂ ਉਜਵਲਾ ਸਕੀਮ, ਲਖਪਤੀ ਦੀਦੀ, ਡਰੋਨ ਦੀਦੀ, ਵਿਦਿਆ ਲਕਸ਼ਮੀ ਯੋਜਨਾ ਅਤੇ ਹੋਰ ਕਈ ਯੋਜਨਾਵਾਂ ਔਰਤਾਂ ਦੇ ਸਸ਼ਕਤੀਕਰਨ ਲਈ ਸ਼ੁਰੂ ਕੀਤੀਆਂ ਗਈਆਂ ਹਨ।" ਉਨ੍ਹਾਂ ਅੱਗੇ ਕਿਹਾ, "ਇਹਨਾਂ ਸਾਰੀਆਂ ਸਕੀਮਾਂ ਲਈ ਭਾਜਪਾ ਸਰਕਾਰ ਦਾ ਧੰਨਵਾਦ ਕਰਨ ਲਈ ਪਟਿਆਲਾ ਜ਼ਿਲ੍ਹਾ ਦੀਆਂ ਔਰਤਾਂ ਨੇ ਇਸ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ ਅਤੇ ਇਹ ਔਰਤਾਂ ਇੱਕ ਵਾਰ ਫਿਰ ਮੋਦੀ ਜੀ ਨੂੰ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਵਜੋਂ ਚੁਣਨ ਲਈ ਤਿਆਰ ਹਨ।" ਜੈ ਇੰਦਰ ਕੌਰ ਨਾਲ ਸਮੁੱਚੀ ਪਟਿਆਲਾ ਲੋਕ ਸਭਾ ਮਹਿਲਾ ਮੋਰਚਾ ਟੀਮ ਵੀ ਹਾਜ਼ਰ ਸੀ।