ਸੁਨਾਮ : ਲੰਘੀ ਰਾਤ ਸੁਨਾਮ ਸ਼ਹਿਰ ਦੀ ਪੀਰ ਬੰਨਾ ਬਨੋਈ ਰੋਡ 'ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਵਿੱਚ ਦਾਖ਼ਲ ਹੋ ਕੇ ਕਾਰ ਸਵਾਰ ਤਿੰਨ ਨੌਜਵਾਨ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਦੁਕਾਨਦਾਰ ਤੋਂ ਦਸ ਹਜ਼ਾਰ ਰੁਪਏ ਅਤੇ ਮੋਬਾਈਲ ਫੋਨ ਲੁੱਟਕੇ ਫਰਾਰ ਹੋ ਗਏ। ਲੁੱਟ ਦੀ ਵਾਪਰੀ ਘਟਨਾ ਤੋਂ ਬਾਅਦ ਲੋਕਾਂ ਨੇ ਪੁਲਿਸ ਦੀ ਲੇਟ ਲਤੀਫੀ ਦੇ ਰੋਸ ਵਜੋਂ ਦੁਕਾਨਾਂ ਬੰਦ ਕਰਕੇ ਧਰਨਾ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੀਰ ਬੰਨਾ ਬਨੋਈ ਰੋਡ ਤੇ ਸਥਿਤ ਗੋਇਲ ਕਰਿਆਨਾ ਸਟੋਰ ਦੇ ਮਾਲਕ ਪੀੜਤ ਦੁਕਾਨਦਾਰ ਸ਼ਾਮ ਲਾਲ ਗੋਲਡੀ, ਨਵੀਨ ਕੁਮਾਰ, ਸਤਨਾਮ ਸਿੰਘ, ਸੁਮਨ ਰਾਣੀ ਅਤੇ ਅਨਿਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ ਰਾਤ ਕਰੀਬ ਸਵਾ ਕੁ ਨੌਂ ਵਜੇ ਕਾਰ ਵਿੱਚ ਸਵਾਰ ਹੋਕੇ ਆਏ ਤਿੰਨ ਨੌਜਵਾਨ ਸਾਮਾਨ ਖਰੀਦਣ ਦੇ ਬਹਾਨੇ ਦੁਕਾਨ ਵਿੱਚ ਵੜ੍ਹ ਗਏ ਅਤੇ ਤੇਜ਼ਧਾਰ ਹਥਿਆਰ ਦਿਖਾਕੇ ਪਹਿਲਾਂ ਮੇਰਾ ਮੋਬਾਈਲ ਫ਼ੋਨ ਖੋਹ ਲਿਆ, ਉਸਤੋਂ ਬਾਅਦ ਦਸ ਹਜ਼ਾਰ ਰੁਪਏ ਵੀ ਲੁੱਟਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਕਤ ਵਾਪਰੀ ਲੁੱਟ ਦੀ ਘਟਨਾ ਸਬੰਧੀ ਪੁਲੀਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਲੇਕਿਨ ਪੁਲੀਸ ਸਮੇਂ ਸਿਰ ਨਹੀਂ ਪੁੱਜੀ। ਇਸ ਤੋਂ ਬਾਅਦ ਇੱਥੋਂ ਦੇ ਦੁਕਾਨਦਾਰਾਂ ਨੇ ਗੁੱਸੇ ਵਿੱਚ ਆਕੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਸੜਕ ਦੇ ਵਿਚਕਾਰ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਲੁਟੇਰਿਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਧਰਨਾਕਾਰੀ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਲੁੱਟ ਦੀ ਇਹ ਕੋਈ ਪਹਿਲੀ ਵਾਰਦਾਤ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਲੁਟੇਰਿਆਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਤਾਂ ਮਾਹੌਲ ਖ਼ਰਾਬ ਹੋ ਜਾਵੇਗਾ। ਇਸੇ ਦੌਰਾਨ ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਸੁਖਦੀਪ ਸਿੰਘ ਨੇ ਕਿਹਾ ਕਿ ਪੁਲਿਸ ਪੂਰੀ ਮੁਸਤੈਦੀ ਨਾਲ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਦੀ ਭਾਲ ਕਰ ਰਹੀ ਹੈ ਅਤੇ ਜਲਦੀ ਹੀ ਗ੍ਰਿਫਤਾਰ ਕਰ ਲਏ ਜਾਣਗੇ।