ਪਟਿਆਲਾ : ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਰਹਿਨੁਮਾਈ ਹੇਠ ਨਗਰ ਨਿਗਮ ਪਟਿਆਲਾ ਵਲੋਂ ਸ਼ਹਿਰ ਦੇ ਵਖ-ਵਖ ਦਰਜਨਾ ਥਾਵਾਂ ’ਤੇ ਪੀਣ ਵਾਲੇ ਪਾਣੀ ਲਈ ਆਰ.ਓ. ਲਗਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਕਹਿਣਾਹੈਕਿ 20 ਲੱਖ ਦੀ ਲਾਗਤ ਨਾਲ ਅਗਾਮੀ ਗਰਮੀਆਂ ਦੇ ਸੀਜਨ ਦੌਰਾਨ ਸ਼ਹਿਰ ਦੇ ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹਈਆ ਹੋਵੇਗਾ| ਉਨ੍ਹਾਂ ਕਿਹਾ ਕਿ ਸ਼ਹਿਰ ’ਚ ਵਖ-ਵਖ ਚੌਕਾਂ ਵਿਚ ਵਾਟਰ ਕੂਲਰ ਲਗਾਏ ਜਾ ਰਹੇ ਹਨ| ਇਨ੍ਹਾਂ ਦਾ ਪਾਣੀ ਆਰ.ਓ. ਵਾਲਾ ਹੋਵੇਗਾ, ਕਿਉਂਕਿ ਅਜ ਦੇ ਸਮੇਂ ’ਚ ਬਿਮਾਰੀਆਂ ਦੀ ਜ਼ਿਆਦਾ ਦਸਤਕ ਵੇਖਣ ਨੂੰ ਮਿਲਦੀ ਹੈ ਇਸ ਕਰਕੇ ਹਰ ਵਿਅਕਤੀ ਆਰ.ਓ. ਦੇ ਪਾਣੀ ਦਾ ਇਸਤੇਮਾਲ ਕਰਦਾ ਹੈ ਅਤੇ ਜਦੋਂ ਸਾਂਝੀਆਂ ਥਾਵਾਂ ’ਤੇ ਲਗੇ ਵਾਟਰ ਕੂਲਰ ਬਿਨਾਂ ਆਰ.ਓ. ਤੋਂ ਲਗਾਏ ਜਾਂਦੇ ਹਨ ਤਾਂ ਜ਼ਿਆਦਾਤਰ ਲੋਕ ਇਨ੍ਹਾਂ ਵਾਟਰ ਕੂਲਰਾਂ ਤੋਂ ਪਾਣੀ ਪੀਣ ਤੋਂ ਗੁਰੇਜ਼ ਕਰਦੇ ਹਨ, ਜਿਸ ਕਰਕੇ ਹੁਣ ਫ਼ੈਸਲਾ ਲਿਆ ਹੈ ਕਿ ਇਸ ਵਾਰ ਦਰਜਨਾਂ ਵਾਟਰ ਕੂਲਰ ਤੇ ਆਰ.ਓ. ਲਗਾਇਆ ਜਾਵੇਗਾ| ਉਨ੍ਹਾਂ ਦਸਿਆ ਕਿ ਇਸ ਸਮੇਂ ਦੋ ਪਾਰਕ ਅਰਨਾ-ਬਰਨਾ ਚੌਕ ਅਤੇ ਅਨਾਰਦਾਨਾ ਚੌਕ ਕੋਲ ਆਰ.ਓ. ਲਗਾ ਦਿਤੇ ਗਏ ਹਨ, ਜਦਕਿ ਆਰੀਆ ਸਮਾਜ, ਸਫਾਬਾਦੀ ਗੇਟ, ਜੌੜੀਆਂ ਭਠੀਆਂ, ਟੀ.ਬੀ. ਹਸਪਤਾਲ ਰੋਡ, ਰੋਜ਼ ਗਾਰਡਨ, ਸਬਜ਼ੀ ਮੰਡੀ, ਨਾਭਾ ਗੇਟ, ਛੋਟੀ ਬਾਰਾਂਦਰੀ, ਕਿਲਾ ਚੌਕ ਆਦਿ ਇਲਾਕਿਆਂ ਵਿਚ ਆਰ.ਓ. ਲਗਾਉਣ ਦਾ ਕੰਮ ਜਲਦੀ ਸ਼ੁਰੂ ਕਰ ਦਿਤਾ ਜਾਵੇਗਾ| ਉਨ੍ਹਾਂ ਕਿਹਾ ਕਿ ਇਹ ਮੰਗ ਲੰਮੇ ਸਮੇਂ ਤੋਂ ਲੋਕਾਂ ਵਲੋਂ ਕੀਤੀ ਜਾ ਰਹੀ ਹੈ, ਜਿਸ ਨੂੰ ਸਰਕਾਰ ਨੇ ਪੂਰਾ ਨਹੀਂ ਕੀਤਾ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਹਿਲ ਦੇ ਆਧਾਰ ’ਤੇ ਇਹ ਕੰਮ ਕਰਵਾਏ ਜਾ ਰਹੇ ਹਨ| ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਦੀ ਸਿਹਤ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰਖਿਆ ਜਾ ਰਿਹਾ ਹੈ।