ਮਾਲੇਰਕੋਟਲਾ : ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਅਧੀਨ ਜ਼ਿਲ੍ਹਾ ਸਵੀਪ ਨੋਡਲ ਅਫਸਰ ਕਮ ਜ਼ਿਲ੍ਹਾ ਸਿੱਖਿਆ ਅਫਸਰ (ਸ.ਸ.) ਸ੍ਰੀਮਤੀ ਜਸਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਘਰ-ਘਰ ਦਸਤਕ ਮੁਹਿੰਮ ਦੇ ਆਗੇਤੇ ਪ੍ਰਬੰਧਾਂ ਲਈ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਸਵੀਪ ਨੋਡਲ ਅਫਸਰ ਕਮ ਜ਼ਿਲ੍ਹਾ ਸਿੱਖਿਆ ਅਫਸਰ (ਸ.ਸ.) ਸ੍ਰੀਮਤੀ ਜਸਵਿੰਦਰ ਕੌਰ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਵੋਟ ਪ੍ਰਤੀਸ਼ਤਤਾ ਵਧਾਉਣ ਅਤੇ 100ਫੀਸਦੀਂ ਸਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਜਾਗਰੂਕ ਕਰਨ ਦੇ ਮੰਤਵ ਨਾਲ ਜ਼ਿਲ੍ਹੇ ਵਿੱਚ ਘਰ-ਘਰ ਦਸਤਕ ਮੁਹਿੰਮ ਉਲੀਕੀ ਜਾ ਰਹੀ ਹੈ ਤਾਂ ਜੋ " ਚੋਣਾਂ ਦਾ ਪਰਵ, ਦੇਸ਼ ਦਾ ਗੋਰਵ" ਵਾਲੇ ਦਿਨ ਵੋਟਰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਆਪਣੇ ਸੂਬੇ ਤੇ ਦੇਸ਼ ਦੇ ਵਿਕਾਸ ਲਈ ਯੌਗ ਸਰਕਾਰ ਦੀ ਚੋਣ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਣ । ਉਨ੍ਹਾਂ ਕਿਹਾ ਕਿ "ਇਸ ਵਾਰ 70 ਪਾਰ" ਵੋਟ ਪ੍ਰਤੀਸ਼ਤ ਦਾ ਟੀਚਾ ਸੂਬੇ ਪੱਧਰ ਤੇ ਨਿਰਧਾਰਿਤ ਕੀਤਾ ਗਿਆ ਹੈ, ਪਰ ਸਾਡੀ ਕੋਸ਼ਿਸ ਹੈ ਕਿ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਯੋਗ ਅਗਵਾਈ ਅਧੀਨ ਸਾਰਥਕ ਉਪਰਾਲੇ ਉਲੀਕ ਕੇ ਅਸੀਂ ਮਿਲ-ਜੁਲ ਕੇ ਯਤਨ ਕਰੀਏ ਅਤੇ ਮਾਲੇਰਕੋਟਲੇ ਦੀ ਵੋਟ ਪ੍ਰਤੀਸਤਤਾ 80 ਪ੍ਰਤੀਸ਼ਤ ਤੋਂ ਪਾਰ ਕਰ ਦਈਏ । ਇਸ ਮਨੋਰਥ ਦੀ ਪ੍ਰਾਪਤੀ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਸਹਾਇਤਾ ਨਾਲ ਘਰ-ਘਰ ਦੱਸਤਕ ਮੁਹਿੰਮ ਉਲੀਕ ਕੇ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ । ਜ਼ਿਲ੍ਹਾ ਸਵੀਪ ਨੋਡਲ ਅਫਸਰ (ਕਾਲਜਾਂ) ਮੁਹੰਮਦ ਇਰਫਾਨ ਫਾਰੂਕੀ ਨੇ ਇਸ ਮੁਹਿੰਮ ਤਹਿਤ ਸੁਪਰਵਾਈਜਰਾਂ ਨੂੰ ਵੋਟਰ ਹੈਲਪ ਲਾਈਨ ਐੱਪ, ਸੀਵੇਜਲ ਐੱਪ, ਸਕਸ਼ਮ ਐੱਪ ਬਾਰੇ ਜਾਣੂ ਕਰਵਾਇਆ ਤਾਂ ਕਿ ਇਨਾਂ ਐੱਪਸ ਬਾਰੇ ਆਂਗਣਵਾੜੀ ਵਰਕਰਾਂ ਦੇ ਰਾਂਹੀ ਆਮ ਲੋਕਾਂ ਨੂੰ ਜਾਣੂ ਕਰਵਾ ਸਕਣ । ਸਹਾਇਕ ਨੋਡਲ ਅਫਸਰ ਮੁੰਹਮਦ ਬਸ਼ੀਰ ਨੇ ਕਿਹਾ ਕਿ ਅਸੀਂ ਦੁਨੀਆ ਦੇ ਸੱਭ ਤੋਂ ਵੱਡੇ ਲੋਕਤੰਤਰੀ ਦੇਸ਼ ਵਿੱਚ ਰਹਿੰਦੇ ਹਾਂ। ਇਸ ਨੂੰ ਮਜਬੂਤ ਬਣਾਉਣ ਲਈ ਲੋਕਾਂ ਦਾ ਅਗਾਮੀ ਲੋਕ ਸਭਾ ਚੋਣਾਂ ਦੇ ਚੋਣ ਮੇਲੇ ਵਿੱਚ ਸਹਿਭਾਗੀ ਹੋਣਾ ਬਹੁਤ ਜਰੂਰੀ ਹੈ। ਕਿਹਾ ਜਾਂਦਾ ਹੈ ਲਗਾਤਾਰ ਸੁਚੇਤਤਾ ਹੀ ਸੁਤੰਤਰਤਾ ਦਾ ਮੁੱਲ ਹੈ। ਇਸ ਕਰਕੇ ਦੇਸ਼ ਨੂੰ ਵਿਕਸਿਤ ਰਾਹਾਂ ਤੇ ਤੋਰਨ ਲਈ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਜਾਗਰੂਕ ਹੋ ਕੇ ਕਰਨੀ ਚਾਹੀਦੀ ਹੈ। ਇਸ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸੁਪਰਵਾਈਜਰ ਪ੍ਰਦੀਪ ਕੌਰ, ਤਬੱਸੁਮ, ਪਾਲ ਕੌਰ, ਗੁਰਮੀਤ ਕੌਰ, ਗੁਰਵਿੰਦਰ ਕੌਰ, ਅਮਨਦੀਪ ਕੌਰ, ਹਰਪ੍ਰੀਤ ਸ਼ਰਮਾਂ, ਰੂਚੀ ਗੁਪਤਾ, ਗੁਰਜੀਤ ਕੌਰ ਅਤੇ ਬਲਪ੍ਰੀਤ ਕੌਰ ਹਾਜਰ ਸਨ।