ਪਟਿਆਲਾ : “ਯੂਨੀਵਰਸਿਟੀ ਪੱਧਰ ਉੱਤੇ ਹੋਣ ਵਾਲ਼ੇ ਅਕਾਦਮਿਕ ਪ੍ਰੋਗਰਾਮ ਨਿਰੋਲ ਅਕਾਦਮਿਕ ਰੰਗਣ ਵਾਲ਼ੇ ਹੋਣੇ ਚਾਹੀਦੇ ਹਨ। ਅਕਾਦਮਿਕ ਪ੍ਰੋਗਰਾਮਾਂ ਦੌਰਾਨ ਰਸਮੀ ਗੱਲਬਾਤ ਦੀ ਬਜਾਇ ਵਧੇਰੇ ਸਮਾਂ ਅਕਾਦਮਿਕ ਵਿਚਾਰ-ਵਟਾਂਦਰੇ ਦੇ ਹਿੱਸੇ ਆਉਣਾ ਚਾਹੀਦਾ ਹੈ।” ਪੰਜਾਬੀ ਯੂਨੀਵਰਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਇਹ ਵਿਚਾਰ ਅੱਜ ਯੂਨੀਵਰਸਿਟੀ ਦੇ ਥੀਏਟਰ ਅਤੇ ਫਿ਼ਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਪ੍ਰਗਟਾਏ ਗਏ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਇਨ੍ਹੀਂ ਦਿਨੀਂ ਆਪਣੇ ਸਾਰੇ ਅਕਾਦਮਿਕ ਪ੍ਰੋਗਰਾਮਾਂ ਨੂੰ ਇਸੇ ਤਰਜ਼ ਉੱਤੇ ਕਰਵਾ ਰਹੀ ਹੈ ਜਿੱਥੇ ਰਸਮੀ ਗੱਲਬਾਤ ਤੋਂ ਬਚਦਿਆਂ ਵਧੇਰੇ ਸਮਾਂ ਮੁੱਖ ਵਿਸ਼ੇ ਉੱਤੇ ਸਾਰਥਿਕ ਗੱਲਬਾਤ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ਼ ਕਿਸੇ ਵੀ ਪ੍ਰੋਗਰਾਮ ਨੂੰ ਕਰਵਾਉਣ ਦਾ ਅਸਲ ਮਨੋਰਥ ਅਸਲ ਅਰਥਾਂ ਵਿੱਚ ਪੂਰਾ ਹੁੰਦਾ ਹੈ। ਵਿਦਿਆਰਥੀ, ਖੋਜਾਰਥੀ, ਅਧਿਆਪਕ ਜਾਂ ਹੋਰ ਦਰਸ਼ਕ ਜਿਸ ਮਕਸਦ ਨਾਲ਼ ਸੰਬੰਧਤ ਪ੍ਰੋਗਰਾਮ ਨੂੰ ਸੁਣਨ ਆਉਂਦੇ ਹਨ ਉਹ ਮਕਸਦ ਵਧੇਰੇ ਪ੍ਰਭਾਵੀ ਤਰੀਕੇ ਨਾਲ਼ ਪੂਰਾ ਹੁੰਦਾ ਹੈ ਇਸ ਪ੍ਰੋਗਰਾਮ ਦਾ ਮੁੱਖ ਭਾਸ਼ਣ ਉੱਘੇ ਨਾਟਕਕਾਰ ਅਤੇ ਚਿੰਤਕ ਸਵਰਾਜਬੀਰ ਨੇ ਦਿੱਤਾ। ‘ਰੰਗਮੰਚ, ਸੱਭਿਆਚਾਰ ਅਤੇ ਸਮਾਜ: ਕੁੱਝ ਬੁਨਿਆਦੀ ਸਵਾਲ’ ਵਿਸ਼ੇ ਉੱਤੇ ਬੋਲਦਿਆਂ ਸਵਰਾਜਬੀਰ ਨੇ ਕਿਹਾ ਕਿ ਰੰਗਮੰਚ, ਨਾਟਕ ਅਤੇ ਜਿ਼ੰਦਗੀ ਦਾ ਆਪਸ ਵਿੱਚ ਬਹੁਤ ਹੀ ਗੂੜ੍ਹਾ ਰਿਸ਼ਤਾ ਹੈ। ਇਹ ਸੰਬੰਧ ਏਨਾ ਪੀਢਾ ਹੈ ਕਿ ਇਸ ਨੂੰ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਇਸ ਮੌਕੇ ਉਨ੍ਹਾਂ ਵੱਖ-ਵੱਖ ਯੂਨਾਨੀ ਅਤੇ ਯੂਰਪੀ ਨਾਟਕਾਂ ਤੋਂ ਲੈ ਕੇ ਸਥਾਨਕ ਪੰਜਾਬੀ ਨਾਟਕਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਵਿਦਿਆਰਥੀਆਂ ਨਾਲ਼ ਅਹਿਮ ਨੁਕਤੇ ਸਾਂਝੇ ਕੀਤੇ। ਇੱਕ ਅਹਿਮ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਏਸ਼ੀਅਨ ਲੋਕ, ਜਿਨ੍ਹਾਂ ਨੂੰ ਤੀਸਰੀ ਦੁਨੀਆਂ ਦੇ ਲੋਕ ਸਮਝਿਆ ਜਾਂਦਾ ਹੈ, ਕੋਲ਼ ਭਾਸ਼ਾ ਦੀ ਬਹੁਤ ਵੱਡੀ ਸਮਰਥਾ ਹੈ। ਕੁੱਝ ਸਵਾਲਾਂ ਰਾਹੀਂ ਵਿਦਿਆਰਥੀਆਂ ਵੱਲੋਂ ਪ੍ਰਗਟ ਕੀਤੀ ਗਈ ਜਗਿਆਸਾ ਦੇ ਉਤਰ ਵਜੋਂ ਉਨ੍ਹਾਂ ਆਪਣੇ ਲਿਖੇ ਕੁੱਝ ਪ੍ਰਸਿੱਧ ਨਾਟਕਾਂ ਵਿਚਲੇ ਮੁੱਖ ਸਿਧਾਂਤਾਂ ਦੇ ਹਵਾਲੇ ਨਾਲ਼ ਵੀ ਗੱਲ ਕੀਤੀ। ਥੀਏਟਰ ਅਤੇ ਫਿ਼ਲਮ ਪ੍ਰੋਡਕਸ਼ਨ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਵਾਲ ਪੁੱਛ ਕੇ ਉਨ੍ਹਾਂ ਨਾਲ਼ ਸੰਵਾਦ ਰਚਾਇਆ ਗਿਆ। ਵਿਦਿਆਰਥੀਆਂ ਵੱਲੋਂ ਆਪਣੇ ਜਮਾਤ ਅਧਿਐਨ ਅਤੇ ਰੰਗਮੰਚ ਪ੍ਰੋਡਕਸ਼ਨਾਂ ਦੌਰਾਨ ਪੜ੍ਹੇ ਅਤੇ ਖੇਡੇ ਵੱਖ-ਵੱਖ ਨਾਟਕਾਂ ਦੀਆਂ ਵੱਖ-ਵੱਖ ਪੜ੍ਹਤਾਂ ਦੇ ਹਵਾਲੇ ਨਾਲ਼ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਵਿੱਚ ਬਹੁਤ ਸਾਰੀਆਂ ਅਹਿਮ ਟਿੱਪਣੀਆਂ ਇਸ ਪ੍ਰੋਗਰਾਮ ਦਾ ਹਾਸਿਲ ਬਣੀਆਂ।