ਸੁਨਾਮ : ਭਾਜਪਾ ਓਬੀਸੀ ਮੋਰਚਾ ਦੇ ਸੂਬਾਈ ਬੁਲਾਰੇ ਡਾਕਟਰ ਜਗਮਹਿੰਦਰ ਸੈਣੀ ਨੇ ਨਾਇਬ ਸਿੰਘ ਸੈਣੀ ਦੇ ਹਰਿਆਣਾ ਦਾ ਮੁੱਖ ਮੰਤਰੀ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਇੱਕ ਵਰਕਰਨੁਮਾ ਆਗੂ ਨੂੰ ਮੁੱਖ ਮੰਤਰੀ ਬਣਾਕੇ ਸਿੱਧ ਕਰ ਦਿੱਤਾ ਹੈ ਕਿ ਅਜਿਹਾ ਭਾਰਤੀ ਜਨਤਾ ਪਾਰਟੀ ਵਿੱਚ ਹੀ ਸੰਭਵ ਹੈ ਕਿ ਆਮ ਵਰਕਰ ਜ਼ਿਲ੍ਹਾ ਪੱਧਰ ਤੋਂ ਮੁੱਖ ਮੰਤਰੀ ਬਣ ਸਕਦਾ ਹੈ ਜਦੋਂ ਕਿ ਦੂਸਰੀਆਂ ਪਾਰਟੀਆਂ ਵਿੱਚ ਪਰਿਵਾਰਵਾਦ ਭਾਰੂ ਹੈ। ਡਾਕਟਰ ਜਗਮਹਿੰਦਰ ਸੈਣੀ ਨੇ ਕਿਹਾ ਕਿ ਖਾਸ ਤੌਰ ਤੇ ਕਾਂਗਰਸ ਪਾਰਟੀ ਅਤੇ ਖੇਤਰੀ ਪਾਰਟੀਆਂ ਵਿਚ ਪਰਿਵਾਰਵਾਦ ਦੀ ਨੀਤੀ ਭਾਰੂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਓਬੀਸੀ ਵਰਗ ਨੂੰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਨੁਮਾਇੰਦਗੀ ਦੇਕੇ ਪਛੜੇ ਵਰਗਾਂ ਦੇ ਮਾਣ ਵਿੱਚ ਵਾਧਾ ਕੀਤਾ ਹੈ। ਲੋਕ ਸਭਾ ਚੋਣਾਂ ਵਿੱਚ ਹਰਿਆਣਾ ਦੀ ਜਨਤਾ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਏਗੀ । ਉਨ੍ਹਾਂ ਕਿਹਾ ਕਿ ਮੁਲਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦਸ ਸਾਲ ਦੇ ਰਾਜ ਵਿੱਚ ਤਰੱਕੀ ਦੀਆਂ ਮੰਜ਼ਿਲਾਂ ਸਰ ਕੀਤੀਆਂ ਹਨ, ਭਾਰਤ ਨੇ ਦੁਨੀਆਂ ਵਿੱਚ ਆਪਣਾ ਨਾਂਅ ਚਮਕਾਇਆ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਹੈ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਦੇਸ਼ ਦੀ 140 ਕਰੋੜ ਜਨਤਾ ਮੁੜ ਭਾਰੀ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਫਤਵਾ ਦੇਵੇਗੀ।