ਸੁਨਾਮ : ਸਾਹਿਤ ਸਭਾ ਸੁਨਾਮ ਊਧਮ ਸਿੰਘ ਵਾਲਾ ਦੀ ਮਾਸਕ ਸਾਹਿਤਕ ਇਕੱਤਰਤਾ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਿਖੇ ਦਲਬਾਰ ਸਿੰਘ ਚੱਠੇ ਸ਼ੇਖਵਾਂ ਅਤੇ ਗੁਰਜੰਟ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਵਿੱਚ ਅਯੋਜਿਤ ਕੀਤੀ ਗਈ। ਸ਼ਹੀਦ ਊਧਮ ਸਿੰਘ ਦੇ ਬਹਾਦਰੀ ਦਿਵਸ 13 ਮਾਰਚ, 1940 ਅਤੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 23 ਮਾਰਚ ਨੂੰ ਸਮਰਪਿਤ ਸਮਾਗਮ ਵਿੱਚ ਜੰਗ ਏ ਆਜ਼ਾਦੀ ਦੇ ਇਹਨਾਂ ਸੂਰਬੀਰ ਬਹਾਦਰਾਂ ਦੇ ਯੋਗ ਦਾਨ ਨੂੰ ਯਾਦ ਕਰਦਿਆਂ ਸਿਜਦਾ ਕੀਤਾ ਗਿਆ। ਕਿਉਂਕਿ ਇਹਨਾਂ ਸਮੁੱਚੇ ਸੂਰਬੀਰ ਸ਼ਹੀਦਾਂ ਦੀ ਸ਼ਹਾਦਤ ਸਦਕਾ ਹੀ ਭਾਰਤ ਆਜ਼ਾਦ ਹੋਇਆ। ਇਸ ਮੌਕੇ ਦਲਬਾਰ ਸਿੰਘ ਚੱਠੇ ਸ਼ੇਖਵਾਂ ਵੱਲੋਂ ਆਪਣੀ ਨਵ ਪ੍ਰਕਾਸ਼ਿਤ ਪੁਸਤਕ- ਦੁੱਲਾ ਭੱਟੀ (ਮਰਦਾਂ ਦਾ ਗਿੱਧਾ ਨਾਟ ਰੂਪ) ਸਾਹਿਤ ਸਭਾ ਨੂੰ ਭੇਟ ਕੀਤੀ ਗਈ। ਦਰਬਾਰ ਸਿੰਘ ਚੱਠੇ ਸ਼ੇਖਵਾ ਨੇ ਇਸ ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦਿੱਲੀ ਯੂਨੀਵਰਸਿਟੀ ਦੇ ਬੀ.ਏ. ਵਿਦਿਆਰਥੀਆਂ ਲਈ ਡਾਕਟਰ ਰਵੇਲ ਸਿੰਘ ਵੱਲੋਂ ਤਿਆਰ ਕੀਤੀ ਪੁਸਤਕ- ਲੋਕ ਨਾਟਕੀ: ਨਾਟ ਰੂਪ- ਵਿੱਚ ਮੇਰੇ ਇਸ ਦੁੱਲਾ ਭੱਟੀ ਨਾਟ ਰੂਪ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਸਭਾ ਦੇ ਸਰਪ੍ਰਸਤ ਜੰਗੀਰ ਸਿੰਘ ਰਤਨ ਨੇ ਪੁਸਤਕ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦਲਬਾਰ ਸਿੰਘ ਵਰਗੇ ਲੇਖਕਾਂ ਦੀ ਬਦੌਲਤ ਹੀ ਅਜੋਕੇ ਸਮੇਂ ਨ੍ਰਿਤ ਵਿਧਾ ਤੇ ਲਿਖੇ ਨਾਟ ਰੂਪ ਵੀ, ਪੂਰੇ ਨਾਟਕ, ਇਕਾਂਗੀ ਨਾਟਕ, ਲਘੂ ਨਾਟਕ, ਕਾਵਿ ਨਾਟਕ, ਨੁੱਕੜ ਨਾਟਕ, ਬਾਲ ਨਾਟਕ, ਰੇਡੀਓ ਨਾਟਕ, ਟੀ.ਵੀ. ਨਾਟਕ, ਮੂਕ ਨਾਟਕ ਤੇ ਨੈਨੋ ਨਾਟਕ ਵਾਂਗ ਪੰਜਾਬੀ ਨਾਟ ਮੰਚ ਤੇ ਸੁਤੰਤਰ ਰੂਪ ਵਜੋਂ ਸਥਾਨ ਪ੍ਰਾਪਤ ਕਰ ਰਹੇ ਹਨ। ਰਚਨਾਵਾਂ ਦੇ ਦੌਰ ਵਿੱਚ ਭੋਲਾ ਸਿੰਘ ਸੰਗਰਾਮੀ ਵੱਲੋਂ ਸ਼ਹੀਦ ਊਧਮ ਸਿੰਘ ਦੇ ਬਹਾਦਰੀ ਦਿਵਸ ਨੂੰ ਸਮਰਪਿਤ ਇਨਕਲਾਬੀ ਗੀਤ- ਗ਼ਦਰੀ ਊਧਮ ਸਿੰਘ ਸੁਨਾਮੀ- ਸਾਂਝਾ ਕੀਤਾ ਗਿਆ, ਸੁਪਿੰਦਰ ਭਾਰਦਵਾਜ ਨੇ- ਨੀਤੀਆਂ ਦੇ ਖ਼ਿਲਾਫ਼ ਬੋਲਣ ਦੀ ਗੱਲ ਕੀਤੀ।ਗੁਰਜੰਟ ਸਿੰਘ ਉਗਰਾਹਾਂ ਵੱਲੋਂ ਸੱਚ ਦੀ ਸ਼ਕਤੀ ਦਾ ਜ਼ਿਕਰ ਕਰਦੀ ਰਚਨਾ- ਮੈਂ ਸੱਚ ਤਾਂ ਬੋਲਦਾ ਹਾਂ ਸਾਂਝੀ ਕੀਤੀ ਗਈ। ਬੇਅੰਤ ਸਿੰਘ ਨੇ ਆਪਣੀ ਰਚਨਾ ਰਾਹੀਂ ਹਾਕਮਾਂ ਨੂੰ ਨਸੀਹਤ ਦਿੱਤੀ ਕਿ -ਕਿਸਾਨਾਂ ਤੇ ਅਸਮਾਨਾਂ ਨਾਲ ਨਹੀਂ ਮੱਥਾ ਲਾਈਦਾ। ਹਰਮੇਲ ਸਿੰਘ ਵੱਲੋਂ- ਕਿਹੜੀ ਮਿੱਟੀ ਦੇ ਅਸੀਂ ਹਾਂ ਬਣੇ ਹੋਏ ਨਾਲ ਹਾਜ਼ਰੀ ਲਗਵਾਈ, ਗੁਰਮੀਤ ਸੁਨਾਮੀ ਵੱਲੋਂ ਆਪਣੀ ਰਚਨਾ- ਡਰ ਗਿਆ ਵੈਰੀ ਵੇਖ ਕੇ ਮੌਤ ਨੂੰ ਬੜੇ ਖ਼ੂਬਸੂਰਤ ਅੰਦਾਜ਼ ਅਤੇ ਆਵਾਜ਼ ਵਿੱਚ ਪੇਸ਼ ਕੀਤੀ।