ਸੁਨਾਮ : ਮੁਲਕ ਦੀ ਸਭ ਤੋਂ ਵੱਡੀ ਪੰਚਾਇਤ ਲਈ ਨੁਮਾਇੰਦੇ ਚੁਣਨ ਵਾਸਤੇ ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਲੋਕਾਂ ਦਾ ਗੁੱਸਾ ਭੜਕ ਗਿਆ ਹੈ। ਮੰਗਲਵਾਰ ਨੂੰ ਸੁਨਾਮ ਵਿਖੇ ਇੱਕ ਮੁਹੱਲੇ ਦੇ ਵਸਨੀਕਾਂ ਨੇ ਗਲੀਆਂ ਨਾਲੀਆਂ ਦੀ ਖ਼ਸਤਾ ਹਾਲਤ ਤੋਂ ਖ਼ਫ਼ਾ ਹੋਕੇ ਪੋਸਟਰ ਲਗਾ ਦਿੱਤੇ ਹਨ ਕਿ ਆਮ ਆਦਮੀ ਪਾਰਟੀ ਲਈ ਵੋਟਾਂ ਮੰਗਣ ਕੋਈ ਨਾ ਆਵੇ। ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਦੇ ਵਾਰਡ ਨੰਬਰ ਤਿੰਨ ਦੇ ਇੱਕ ਮੁਹੱਲਾ ਵਾਸੀਆਂ ਨੇ ਪੋਸਟਰ ਲਾ ਕੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਲਈ ਉਮੀਦਵਾਰ ਅਤੇ ਆਗੂਆਂ ਦਾ ਰਾਜਨੀਤਕ ਤੌਰ ਤੇ ਮੁਕੰਮਲ ਬਾਈਕਾਟ ਕੀਤਾ ਅਤੇ ਉਨ੍ਹਾਂ ਨੂੰ ਇਸ ਮੁਹੱਲੇ ਵਿੱਚ ਵੋਟਾਂ ਮੰਗਣ ਆਉਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ।
ਇਸ ਮੌਕੇ ਇਕੱਤਰ ਹੋਏ ਮੁਹੱਲਾ ਵਾਸੀਆਂ ਸੁਰਜੀਤ ਸਿੰਘ ਆਨੰਦ, ਮੁਕੇਸ਼ ਕੁਮਾਰ, ਰੌਬਿਨ ਤੁਨੇਜਾ, ਜਗਦੀਸ਼ ਕੁਮਾਰ ਜੱਗਾ ਅਤੇ ਸੁਨੀਤਾ ਰਾਣੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਵਾਰਡ ਨੰਬਰ ਤਿੰਨ ਵਿੱਚ ਪੈਂਦੇ ਉਹਨਾਂ ਦੇ ਮੁਹੱਲੇ ਦੀ ਸੜਕ ਅਤੇ ਨਾਲੀਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਅਤੇ ਵਾਟਰ ਸਪਲਾਈ ਦੀ ਲਾਈਨ ਵੀ ਕਈ ਵਾਰ ਟੁੱਟ ਚੁੱਕੀ ਹੈ ਜਿਸ ਕਾਰਨ ਉਨ੍ਹਾਂ ਦੇ ਮਕਾਨਾਂ ਨੂੰ ਕਾਫੀ ਨੁਕਸਾਨ ਪਹੁੰਚਇਆ ਸੀ ਅਤੇ ਹੁਣ ਵੀ ਅਕਸਰ ਤਰੇੜਾਂ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਸਮੱਸਿਆਵਾਂ ਲੈਕੇ ਕਈ ਵਾਰ ਵਾਰਡ ਦੇ ਕੋਂਸਲਰ , ਨਗਰ ਕੌਂਸਲ ਪ੍ਰਧਾਨ, ਅਧਿਕਾਰੀਆਂ ਅਤੇ ਮੰਤਰੀ ਤੱਕ ਨੂੰ ਮਿਲ ਕੇ ਆਪਣੇ ਦੁਖੜੇ ਸੁਣਾ ਚੁੱਕੇ ਹਨ ਪਰ ਕਿਸੇ ਨੇ ਵੀ ਉਨ੍ਹਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਇਸੇ ਕਾਰਨ ਅੱਕਕੇ ਅੱਜ ਇਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਏ ਹਨ। ਇਕੱਤਰ ਹੋਏ ਮੁਹੱਲਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਆਮ ਆਦਮੀ ਪਾਰਟੀ ਦੇ ਹਰੇਕ ਆਗੂ, ਕੌਂਸਲਰ ਅਤੇ ਵਰਕਰਾਂ ਦਾ ਰਾਜਨੀਤਕ ਤੌਰ ਤੇ ਮੁਕੰਮਲ ਬਾਈਕਾਟ ਕੀਤਾ ਹੈ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਮੁਹੱਲੇ ਵਿੱਚ ਵੋਟਾਂ ਮੰਗਣ ਲਈ ਨਹੀਂ ਆਉਣ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਚੰਦ ਚਾਵਲਾ, ਪ੍ਰਭਸ਼ਰਨ ਸਿੰਘ ਬੱਬੂ, ਮਨਦੀਪ ਸਿੰਘ ਜੋਸਨ,ਵਿਨੋਦ ਟੱਕਰ, ਦੀਪਕ ਕੁਮਾਰ,ਸਵਰਨ ਕੌਰ,ਕਿਰਨ ਮਨਚੰਦਾ, ਕੰਚਨ ਰਾਣੀ, ਊਸ਼ਾ ਰਾਣੀ ਆਦਿ ਮੁਹੱਲਾ ਵਾਸੀ ਸ਼ਾਮਲ ਸਨ।