ਸੁਨਾਮ ਵਿਖੇ ਕਾਲੋਨੀ ਦੀ ਦੀਵਾਰ ਨਾਲ ਪਿਆ ਮਲਬਾ ਚੁੱਕਦੇ ਹੋਏ।
ਸੁਨਾਮ : ਸੁਨਾਮ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਆਸ਼ਾ ਬਜਾਜ, ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦੇ ਨਾਲ ਲੱਗਦੀ ਆਨੰਦ ਬਿਹਾਰ ਕਲੋਨੀ ਦੇ ਅਸੁਰੱਖਿਅਤ ਮਾਹੌਲ ਨੂੰ ਸੁਧਾਰਨ ਵਿੱਚ ਪੂਰੀ ਤਰ੍ਹਾਂ ਜੁਟ ਗਏ ਹਨ। ਕਾਲੋਨੀ ਦੀ ਪਿਛਲੀ ਕੰਧ ਦੇ ਨਾਲ ਪਏ ਮਲਬੇ ਅਤੇ ਇੱਟਾਂ ਨੂੰ ਹਟਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ। ਤਾਂ ਜੋ ਚੋਰ ਕੰਧ ਟੱਪਕੇ ਕਾਲੋਨੀ ਵਿੱਚ ਦਾਖਲ ਨਾ ਹੋ ਸਕਣ। ਦੱਸ ਦੇਈਏ ਕਿ ਪਿਛਲੇ ਇੱਕ ਹਫਤੇ ਤੋਂ ਉਕਤ ਕਾਲੋਨੀ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਕਾਲੋਨੀ ਦੀਆਂ ਕੰਧਾਂ ਦੀ ਉਚਾਈ ਘੱਟ ਹੋਣ ਕਾਰਨ ਇੱਥੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਇਸ ਕਾਰਨ ਇੱਥੇ ਅਸੁਰੱਖਿਅਤ ਮਾਹੌਲ ਬਣਿਆ ਹੋਇਆ ਹੈ। ਉਕਤ ਮਾਮਲਾ ਵਾਰਡ ਦੀ ਕੌਂਸਲਰ ਅਤੇ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਆਸ਼ਾ ਬਜਾਜ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਜਿਨ੍ਹਾਂ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੰਧ ਦੇ ਪਿੱਛੇ ਪਏ ਮਲਬੇ ਅਤੇ ਇੱਟਾਂ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਕੌਂਸਲਰ ਆਸ਼ਾ ਬਜਾਜ ਨੇ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਸ਼ਹਿਰ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਦ੍ਰਿੜ ਸੰਕਲਪ ਹਨ। ਉਨ੍ਹਾਂ ਦੇ ਵਾਰਡ ਵਿੱਚ ਸਥਿਤ ਆਨੰਦ ਬਿਹਾਰ ਕਾਲੋਨੀ ਦੇ ਵਸਨੀਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਨਗਰ ਕੌਂਸਲ ਅਤੇ ਕਾਲੋਨੀ ਦੇ ਵਸਨੀਕਾਂ ਵੱਲੋਂ ਆਪਣੇ ਪੱਧਰ ’ਤੇ ਸਾਰੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ। ਕਾਲੋਨੀ ਵਾਸੀ ਰਾਜੀਵ ਗਰਗ, ਸੁਸ਼ੀਲ ਕਾਂਸਲ, ਪ੍ਰਦੀਪ ਰਿੰਕੂ ਆਦਿ ਨੇ ਕਾਲੋਨੀ ਦੇ ਸੰਚਾਲਕ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕੀਤੇ ਹਨ। ਉਕਤ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਕਾਲੋਨੀ ਦੀਆਂ ਸਾਰੀਆਂ ਦੀਵਾਰਾਂ ਨੂੰ ਉੱਚਾ ਕਰਕੇ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾਵੇ। ਬੂਟੇ ਲਗਾਉਣ ਦੀ ਮੁਹਿੰਮ ਨੂੰ ਹੁਲਾਰਾ ਦੇ ਕੇ ਕਾਲੋਨੀ ਦਾ ਸੁੰਦਰੀਕਰਨ ਕੀਤਾ ਜਾਵੇ। ਕਾਲੋਨੀ ਨਿਵਾਸੀਆਂ ਨੇ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਆਸ਼ਾ ਬਜਾਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੋਨਾਈਜ਼ਰ ਵੱਲੋਂ ਸਾਰੀਆਂ ਸ਼ਰਤਾਂ ਅਤੇ ਨਿਯਮਾਂ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।