ਪਟਿਆਲਾ : ਖੇਤੀ ਨਾਲ ਸਹਾਇਕ ਧੰਦਾ,ਪਰਿਵਾਰ ਸੁਖੀ ਮੁਨਾਫ਼ਾ ਚੰਗਾ ਦੇ ਉਦੇਸ਼ ਨਾਲ ਖੇਤਰੀ ਕਿਸਾਨ ਮੇਲਾ,ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ,ਰੌਣੀ,ਪਟਿਆਲਾ ਵਿਖੇ 22 ਮਾਰਚ,2024ਨੂੰ ਲਗਾਇਆ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿਖਿਆ ਡਾ.ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਡਾ. ਸਤਬੀਰ ਸਿੰਘ ਗੋਸਲ ਉਪ ਕੁਲਪਤੀ,ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਮੇਲੇ ਦੇ ਮੁੱਖ ਮਹਿਮਾਨ ਹੋਣਗੇ ਅਤੇ ਇਸ ਕਿਸਾਨ ਮੇਲੇ ਦੀ ਪ੍ਰਧਾਨਗੀ ਕਰਨਗੇ। ਇਸ ਮੇਲੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀਆਂ ਨਵੀਆਂ ਸਿਫਾਰਸ਼ਾਂ,ਤਕਨੀਕਾਂ ਅਤੇ ਖੇਤੀ ਮਸ਼ੀਨਰੀ ਦੀ ਜਾਣਕਾਰੀ ਦਿੱਤੀ ਜਾਵੇਗੀ।
ਮੇਲੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ,ਆਉਂਦੀ ਸਾਉਣੀ ਰੁੱਤ ਦੀਆਂ ਫਸਲਾਂ ਦੇ ਸਿਫਾਰਸ਼ ਕੀਤੇ ਹੋਏ ਬੀਜ, ਤੇਲ ਬੀਜ, ਵੱਖ-ਵੱਖ ਸਬਜ਼ੀਆਂ ਦੇ ਬੀਜ ਅਤੇ ਫਲਦਾਰ ਬੂਟੇ ਮੁਹੱਈਆ ਕਰਵਾਏ ਜਾਣਗੇ। ਕਿਸਾਨ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰ ਸਕਣਗੇ। ਉਹਨਾਂ ਨੇ ਦੱਸਿਆ ਕਿ ਇਸ ਕਿਸਾਨ ਮੇਲੇ ਵਿਚ ਵੱਡੀ ਪੱਧਰ ਤੇ ਸਵੈ-ਸੇਵੀ ਸੰਸਥਾਵਾਂ,ਕਿਸਾਨ ਨਿਰਮਾਤਾ ਸੰਗਠਨ,ਸਵੈ-ਸਹਾਇਤਾ ਸਮੂਹ ਅਤੇ ਨਿੱਜੀ ਕੰਪਨੀਆਂ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਡਾ. ਗੁਰਉਪਦੇਸ਼ ਕੌਰ,ਇੰਚਾਰਜ,ਕੇ.ਵੀ.ਕੇ.,ਪਟਿਆਲਾ ਨੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ,ਪਟਿਆਲਾ ਦੇ ਵਿਹੜੇ ਵਿਚ 22 ਮਾਰਚ, 2024 ਨੂੰ ਪਰਿਵਾਰਾਂ ਸਮੇਤ ਹੁੰਮ-ਹੁੰਮਾਂ ਕੇ ਪਹੁੰਚਣ ਅਤੇ ਕਿਸਾਨ ਮੇਲੇ ਤੋਂ ਲਾਭ ਉਠਾਉਣ ਦਾ ਸੱਦਾ ਦਿੱਤਾ ਹੈ।