ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ 'ਵਾਤਾਵਰਣ ਪੱਖੀ ਜੀਵਨ ਸ਼ੈਲੀ' ਵਿਸ਼ੇ ਉੱਤੇ ਇੱਕ ਵਰਕਸ਼ਾਪ ਕਰਵਾਈ ਗਈ। ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਜਾਰੀ ਵਿੱਤੀ ਮਦਦ ਨਾਲ਼ ਇਹ ਵਰਕਸ਼ਾਪ ਸਿੱਖਿਆ ਅਤੇ ਸਮੁਦਾਇ ਸੇਵਾਵਾਂ ਵਿਭਾਗ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ, ਮੋਹਾਲੀ ਅਤੇ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ਼ ਕਰਵਾਈ ਗਈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਤੋਂ ਪ੍ਰੋ. ਮੰਜੂ ਗੇਰਾ ਨੇ ਵਿਸ਼ਾ ਮਾਹਿਰ ਵਜੋਂ ਆਪਣੇ ਵਿਚਾਰ ਪ੍ਰਗਟਾਏ।ਉਨ੍ਹਾਂ ਵੱਲੋਂ ਵਰਕਸ਼ਾਪ ਦੇ ਪਹਿਲੇ ਸੈਸ਼ਨ ਦੌਰਾਨ ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਵਾਲ਼ੀ ਜੀਵਨ ਸ਼ੈਲੀ ਲਈ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਉੱਤੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਆਮ ਜੀਵਨ ਦੀਆਂ ਉਦਾਹਰਣਾਂ ਦਿੱਤੀਆਂ ਅਤੇ ਵਾਤਾਵਰਣ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ।
ਦੂਜੇ ਸੈਸ਼ਨ ਵਿੱਚ ਡਾ. ਪਪਲਦੀਪ ਗੋਸਲ ਅਤੇ ਡਾ. ਖੁਸ਼ਗੀਤ ਕੌਰ ਨੇ ਭਾਗੀਦਾਰਾਂ ਨੂੰ ਕੁੱਝ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਜਿਨ੍ਹਾਂ ਰਾਹੀਂ ਭਾਗੀਦਾਰਾਂ ਨੇ ਆਪਣੇ ਰੋਜ਼ਾਨਾ ਜੀਵਨ ਵਿੱਚ ਵਾਤਾਵਰਣ ਅਨੁਕੂਲ ਆਦਤਾਂ ਨੂੰ ਲਾਗੂ ਕਰਨ ਲਈ ਵਿਹਾਰਕ ਸਮਝ ਪ੍ਰਾਪਤ ਕੀਤੀ। ਐਜੂਕੇਸ਼ਨ ਐਂਡ ਇਨਫਰਮੇਸ਼ਨ ਸਾਇੰਸ ਫ਼ੈਕਲਟੀ ਤੋਂ ਡੀਨ ਪ੍ਰੋ. ਪੁਸ਼ਪਿੰਦਰ ਕੌਰ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿਭਾਗ ਮੁਖੀ ਡਾ. ਜਗਪ੍ਰੀਤ ਕੌਰ ਨੇ ਸਵਾਗਤੀ ਭਾਸ਼ਣ ਦਿੱਤਾ। ਬਾਇਓਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ ਵਿਭਾਗ ਤੋਂ ਮੁਖੀ ਪ੍ਰੋ. ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਇਹ ਵਰਕਸ਼ਾਪ ਵਾਤਾਵਰਨ ਲਈ ਜੀਵਨ ਸ਼ੈਲੀ ਦੇ ਤਹਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵੀ ਮਦਦਗਾਰ ਸਾਬਿਤ ਹੋਵੇਗੀ। ਇਸ ਵਰਕਸ਼ਾਪ ਵਿੱਚ ਯੂਨੀਵਰਸਿਟੀ ਅਤੇ ਹੋਰ ਕਾਲਜਾਂ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਸ਼ਿਰਕਤ ਕੀਤੀ। ਅੰਤ ਵਿੱਚ ਡਾ. ਗਗਨਦੀਪ ਥਾਪਾ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ।