Thursday, April 03, 2025
BREAKING NEWS
ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਸਦਮਾ,ਪਤਨੀ ਦਾ ਹੋਇਆ ਦੇਹਾਂਤਮੋਹਾਲੀ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਪਟਿਆਲਾ ; ਬਾਦਸ਼ਾਹਪੁਰ ਪੁਲਿਸ ਚੌਂਕੀ ਨੇੜੇ ਧਮਾਕਾਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2025-26 ਲਈ ਬਿਜਲੀ ਦਰਾਂ ਜਾਰੀਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, ਸ਼ੀਹਾਂ ਦੌਦ ਬੱਚਾ ਅਗਵਾ ਕੇਸ 24 ਘੰਟਿਆਂ 'ਚ ਹੀ ਸੁਲਝਾਇਆਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ਹੜਤਾਲ ‘ਤੇ ਗਏ ਮਾਲ ਅਧਿਕਾਰੀਆਂ ਨੂੰ ਮਾਨ ਸਰਕਾਰ ਦੀ ਚਿਤਾਵਨੀਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ CM ਮਾਨ ਪਹੁੰਚਣਗੇ ਖਰੜ ਤਹਿਸੀਲਹਰਪਾਲ ਸਿੰਘ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਆਖਰੀ ਚੇਤਾਵਨੀ: ਨਸ਼ਾ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡੋ

Malwa

ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਸਾਉਣੀ ਦੀਆਂ ਫ਼ਸਲਾਂ ਦਾ ਕਿਸਾਨ ਮੇਲਾ ਲਗਾਇਆ

March 23, 2024 11:40 AM
SehajTimes

ਪਟਿਆਲਾ : ਪੀ.ਏ.ਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਵਿਖੇ ਸਾਉਣੀ ਦੀਆਂ ਫ਼ਸਲਾਂ ਦਾ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ। 'ਖੇਤੀ ਨਾਲ ਸਹਾਇਕ ਧੰਦਾ, ਪਰਿਵਾਰ ਸੁਖੀ ਮੁਨਾਫ਼ਾ ਚੰਗਾ' ਦੇ ਉਦੇਸ਼ ਨਾਲ ਲਗਾਏ ਗਏ ਕਿਸਾਨ ਮੇਲੇ ਵਿੱਚ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐਸ., ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਅਮਰੀਕਾ ਤੋਂ ਅਗਾਂਹਵਧੂ ਕਿਸਾਨ ਮਿਜ਼ ਹੋਪ ਪਜਿਸਕੀ ਵੀ ਸ਼ਾਮਲ ਹੋਏ। ਇਸ ਮੌਕੇ ਬੀਜ ਵਿੱਕਰੀ ਕੇਂਦਰ, ਖੇਤ ਨੁਮਾਇਸ਼ਾਂ ਅਤੇ ਪ੍ਰਦਰਸ਼ਨੀਆਂ ਤੇ ਕਿਸਾਨਾਂ ਦੇ ਠਾਠਾਂ ਮਾਰਦੇ ਸਮੁੰਦਰ ਨੂੰ ਦੇਖ ਕੇ ਖੁਸ਼ੀ ਪ੍ਰਗਟ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਕਿਸਾਨੀ ਨੂੰ ਉੱਚਾ ਚੁੱਕਣ ਲਈ ਪੀ.ਏ.ਯੂ. ਹਮੇਸ਼ਾ ਹੀ ਤਤਪਰ ਰਹਿੰਦੀ ਹੈ ਅਤੇ ਯੂਨੀਵਰਸਿਟੀ ਵੱਲੋਂ ਕੀਤੀਆਂ ਜਾਂਦੀਆਂ ਖੋਜਾਂ ਪ੍ਰਤੀ ਕਿਸਾਨਾਂ ਦਾ ਅਥਾਹ ਵਿਸ਼ਵਾਸ ਸਾਡੇ ਵਿਗਿਆਨੀਆਂ ਅਤੇ ਪਸਾਰ ਮਾਹਿਰਾਂ ਦੀ ਹੌਸਲਾ ਅਫ਼ਜ਼ਾਈ ਕਰਦਾ ਹੈ। ਕਿਸਾਨ ਮੇਲਿਆਂ ਨੂੰ ਇੱਕ ਦੂਜੇ ਕੋਲੋਂ ਸਿੱਖਣ ਸਿਖਾਉਣ ਦਾ ਵਧੀਆ ਮੌਕਾ ਦੱਸਦਿਆਂ ਉਹਨਾਂ ਨੇ ਰਵਾਇਤੀ ਖੇਤੀ ਦੇ ਨਾਲ-ਨਾਲ ਕਿਸਾਨ ਮੇਲੇ ਦੇ ਉਦੇਸ਼ ਮੁਤਾਬਿਕ ਨਿਰੰਤਰ ਆਮਦਨ ਲਈ ਵੱਧ ਤੋਂ ਵੱਧ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਕਿਹਾ।

ਪਿਛਲੇ ਸਾਲ ਹੜ੍ਹਾਂ ਦੇ ਬਾਵਜੂਦ ਝੋਨੇ ਦਾ ਝਾੜ 4 ਲੱਖ ਟਨ ਵੱਧ ਰਿਹਾ ਹੋਣ ਦਾ ਸਿਹਰਾ ਉਹਨਾਂ ਨੇ ਖੇਤੀ ਮਾਹਿਰਾਂ ਵੱਲੋਂ ਵਿਕਸਤ ਕੀਤੀਆਂ ਕਿਸਮਾਂ ਸਿਰ ਬੰਨ੍ਹਦਿਆਂ ਇਸ ਵਾਰ ਝੋਨੇ ਦੀਆਂ ਪੀ ਆਰ-126 ਅਤੇ ਪੀ ਆਰ-131 ਕਿਸਮਾਂ ਦੀ ਕਾਸ਼ਤ ਦੀ ਸਿਫ਼ਾਰਸ਼ ਕੀਤੀ। ਘਰੇਲੂ ਲੋੜਾਂ ਵਾਸਤੇ ਸਬਜ਼ੀਆਂ ਅਤੇ ਫਲਾਂ ਲਈ ਪੌਸ਼ਟਿਕ ਬਗੀਚੀ ਲਗਾਉਣ ਦਾ ਸੁਝਾਅ ਦਿੰਦਿਆਂ ਡਾ. ਗੋਸਲ ਨੇ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਗਈਆਂ ਸਬਜ਼ੀਆਂ, ਚਾਰੇ, ਤੇਲ ਬੀਜ ਅਤੇ ਦਾਲਾਂ ਦੇ ਬੀਜਾਂ ਦੀਆਂ ਕਿੱਟਾਂ ਖ਼ਰੀਦਣ ਦੀ ਸਿਫ਼ਾਰਸ਼ ਕੀਤੀ। ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਦੀ ਸਿਫ਼ਾਰਸ਼ ਕਰਦਿਆਂ ਉਹਨਾਂ ਕਿਹਾ ਕਿ ਇਸ ਨਾਲ ਕਣਕ ਨੂੰ ਗੁੱਲੀ ਡੰਡੇ ਵਰਗੇ ਨਦੀਨਾਂ ਤੋਂ ਨਿਜਾਤ ਮਿਲੇਗੀ ਅਤੇ ਜਲ ਸੋਮਿਆਂ ਦੀ ਵੀ ਬੱਚਤ ਹੋ ਸਕੇਗੀ। ਸੰਘਰਸ਼ ਕਰਕੇ ਬਾਹਰਲੇ ਮੁਲਕਾਂ ਵਿੱਚ ਆਪਣੀ ਧਾਕ ਜਮਾਉਣ ਵਾਲੇ ਪੰਜਾਬੀ ਕਿਸਾਨਾਂ ਦਾ ਹਵਾਲਾ ਦਿੰਦਿਆਂ ਡਾ. ਗੋਸਲ ਨੇ ਕਿਹਾ ਕਿ ਕਿਰਤ ਅਤੇ ਕਿਰਸ ਦੇ ਨਾਲ-ਨਾਲ ਪੀ.ਏ.ਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਇੰਨਕੂਬੇਸ਼ਨ ਸੈਂਟਰ ਨਾਲ ਜੁੜ ਕੇ ਜਿਣਸਾਂ ਦਾ ਮੁੱਲ ਵਾਧਾ ਕਰਕੇ ਖੇਤੀ ਨੂੰ ਖੇਤੀ ਕਾਰੋਬਾਰ ਵਿੱਚ ਬਦਲ ਕੇ ਹੀ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਖੇਤੀ ਧੰਦੇ ਨਾਲ ਜੋੜ ਸਕਾਂਗੇ। ਪੀ.ਏ.ਯੂ ਦੀਆਂ ਖੇਤੀ ਸਿਫ਼ਾਰਸ਼ਾਂ ਬਾਰੇ ਨਿਰੰਤਰ ਜਾਣਕਾਰੀ ਹਾਸਲ ਕਰਨ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਕਿਊ ਆਰ ਕੋਡ ਸਕੈਨ ਕਰਕੇ ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਨਾਲ ਜੁੜਣ ਦੀ ਅਪੀਲ ਕੀਤੀ।

ਇਸ ਮੌਕੇ ਖੇਤੀ ਨੂੰ ਪੰਜਾਬ ਦੀ ਆਣ-ਸ਼ਾਨ ਅਤੇ ਪਹਿਚਾਣ ਦੱਸਦਿਆਂ ਡਾ. ਹਰਜਿੰਦਰ ਸਿੰਘ ਬੇਦੀ ਨੇ ਪੰਜਾਬ ਭਰ ਵਿੱਚ ਕਿਸਾਨ ਮੇਲਿਆਂ ਰਾਹੀਂ ਨਵੇਂ ਦਿਸ਼ਾ ਨਿਰਦੇਸ਼ ਦੇਣ ਲਈ ਪੀ.ਏ.ਯੂ. ਮਾਹਿਰਾਂ ਦੀ ਤਾਰੀਫ਼ ਕਰਦਿਆਂ ਖੇਤੀ ਨੂੰ ਸਦਾਬਹਾਰ ਕਿੱਤੇ ਵਜੋਂ ਪ੍ਰਫੁੱਲਤ ਕਰਨ ਲਈ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਪਿਤਾ ਪੁਰਖੀ ਧੰਦੇ ਨਾਲ ਜੁੜਣ ਦੀ ਅਪੀਲ ਕੀਤੀ। ਸਬਜ਼ੀਆਂ ਅਤੇ ਫ਼ਲਾਂ ਰਾਹੀਂ ਪੋਸ਼ਟਿਕਤਾ ਵਧਾਉਣ ਦੀ ਸਿਫ਼ਾਰਸ਼ ਕਰਦਿਆਂ ਉਹਨਾਂ ਨੇ ਜੈਵਿਕ ਖੇਤੀ ਵੱਲ ਮੁੜਣ ਤੇ ਜ਼ੋਰ ਦਿੰਦਿਆਂ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀਆਂ ਜਾਂਦੀਆਂ ਖੇਤੀ ਤਕਨੀਕਾਂ ਨੂੰ ਵੱਧ ਤੋਂ ਵੱਧ ਅਪਣਾਉਣ ਲਈ ਕਿਹਾ।
ਇਸ ਮੌਕੇ ਡਾ. ਗੁਰਜੀਤ ਸਿੰਘ ਮਾਂਗਟ, ਅਪਰ ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਜਲਵਾਯੂ ਪਰਿਵਰਤਨ ਨਾਲ ਖੇਤੀਬਾੜੀ ਨੂੰ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਲਈ ਯੂਨੀਵਰਸਿਟੀ ਵੱਲੋਂ ਮੌਜੂਦਾ ਸਮੇਂ ਵਿਕਸਤ ਕੀਤੀਆਂ ਫ਼ਸਲਾਂ ਦੀਆਂ 7 ਨਵੀਂਆਂ ਕਿਸਮਾਂ, 10 ਫ਼ਸਲ ਉਤਪਾਦਨ ਤਕਨੀਕਾਂ, 9 ਪੌਦ ਸੁਰੱਖਿਆ ਅਤੇ 4 ਪ੍ਰੋਸੈਸਿੰਗ ਤਕਨੀਕਾਂ ਦੀ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਖੇਤੀ ਮਾਹਿਰਾਂ ਵੱਲੋਂ ਹੁਣ ਤੱਕ ਫ਼ਸਲਾਂ ਦੀਆਂ 950 ਤੋਂ ਵੱਧ ਕਿਸਮਾਂ ਵਿਕਸਤ ਅਤੇ ਹਜ਼ਾਰਾਂ ਤਕਨੀਕਾਂ ਸਿਫ਼ਾਰਸ਼ ਕੀਤੀਆਂ ਜਾ ਚੁੱਕੀਆਂ ਹਨ। ਡਾ. ਮਾਂਗਟ ਨੇ ਖੇਤੀ ਮਾਹਿਰਾਂ ਵੱਲੋਂ ਝੋਨੇ ਦੀਆਂ ਘੱਟ ਸਮਾਂ ਲੈਣ ਅਤੇ ਵੱਧ ਝਾੜ ਦੇਣ ਵਾਲੀਆਂ ਵਿਕਸਿਤ ਕੀਤੀਆਂ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਬਾਸਮਤੀ ਦੀ ਨਵੀਂ ਕਿਸਮ ਪੂਸਾ ਬਾਸਮਤੀ-1847 ਦੇ ਇਲਾਵਾ ਚਾਰਾ ਮੱਕੀ ਜੇ-1008, ਬਾਜਰੇ ਦੀ ਦਾਣਿਆਂ ਵਾਲੀ ਕਿਸਮ ਪੀ.ਸੀ.ਬੀ-167 ਅਤੇ ਮੋਟੇ ਅਨਾਜਾਂ ਦੀ ਕਿਸਮ ਪੰਜਾਬ ਚੀਨਾ-1, ਬੈਂਗਣਾਂ ਦੀ ਹਾਈਬ੍ਰਿਡ, ਤਰਬੂਜ਼ ਦੀ ਨਵੀਂ ਕਿਸਮ ਪੰਜਾਬ ਮਿਠਾਸ-1, ਖ਼ਰਬੂਜ਼ੇ ਵਿੱਚ ਬੌਬੀ ਵੰਨਗੀ ਦੀ ਪੰਜਾਬ ਅੰਮ੍ਰਿਤ ਤੋਂ ਇਲਾਵਾ ਜਾਮਣਾਂ ਦੀਆਂ ਨਵੀਂਆਂ ਕਿਸਮਾਂ ਕੋਕਣ ਅਤੇ ਗੋਮਾ ਦਾ ਵੀ ਜ਼ਿਕਰ ਕੀਤਾ। ਜ਼ਮੀਨਾਂ ਪੱਧਰ ਕਰਕੇ ਮਲਚਿੰਗ ਵਿਧੀ ਰਾਹੀਂ ਕਣਕ ਬੀਜਣ ਦੀ ਸਿਫ਼ਾਰਸ਼ ਕਰਦਿਆਂ ਡਾ. ਮਾਂਗਟ ਨੇ ਛੱਪੜਾਂ ਦੇ ਪਾਣੀ ਦੀ ਸਿੰਚਾਈ ਲਈ ਵਰਤੋਂ ਅਤੇ ਮੋਟੇ ਅਨਾਜਾਂ ਤੋਂ ਵੱਖ-ਵੱਖ ਕਿਸਮ ਦੇ ਪਦਾਰਥ ਤਿਆਰ ਕਰਨ ਦੀਆਂ ਪ੍ਰੋਸੈਸਿੰਗ ਤਕਨੀਕਾਂ ਦੇ ਨਾਲ-ਨਾਲ ਡਰੋਨ ਅਤੇ ਮਸ਼ੀਨੀ ਬੋਧਿਕਤਾ ਰਾਹੀਂ ਖੇਤੀ ਕਰਨ ਦੀਆਂ ਤਕਨੀਕਾਂ ਵੀ ਸਾਂਝੀਆਂ ਕੀਤੀਆਂ। ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ, ਵਿਗਿਆਨੀਆਂ ਅਤੇ ਕਿਸਾਨਾਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਖੇਤੀ ਸਾਹਿਤ ਨੂੰ ਪੜ੍ਹ ਕੇ ਵਿਗਿਆਨਕ ਲੀਹਾਂ ਤੇ ਖੇਤੀ ਕਰਨ ਲਈ ਕਿਹਾ। ਪੀ.ਏ.ਯੂ. ਦੇ ਮਹੀਨਾਵਾਰ ਖੇਤੀ ਰਸਾਲੇ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਦੇ ਵੱਧ ਤੋਂ ਵੱਧ ਮੈਂਬਰ ਬਣਨ ਦੀ ਤਾਕੀਦ ਕਰਦਿਆਂ ਡਾ. ਭੁੱਲਰ ਨੇ ਖੇਤੀਬਾੜੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਾਹਿਰਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਣ ਅਤੇ ਹਾੜ੍ਹੀ/ਸਾਉਣੀ ਦੀਆਂ ਫ਼ਸਲਾਂ ਦੀਆਂ ਸਿਫ਼ਾਰਸ਼ਾਂ ਪੁਸਤਕਾਂ ਨੂੰ ਪੜ੍ਹਨ, ਮਿੱਟੀ ਅਤੇ ਪਾਣੀ ਦੀ ਪਰਖ ਕਰਵਾ ਕੇ ਖਾਦਾਂ ਅਤੇ ਹੋਰ ਲਾਗਤਾਂ ਦੀ ਸੁਯੋਗ ਵਰਤੋਂ ਕਰਨ ਦੀ ਸਿਫ਼ਾਰਸ਼ ਕੀਤੀ। ਕਣਕ ਝੋਨੇ ਦੇ ਰਿਵਾਇਤੀ ਫ਼ਸਲੀ ਚੱਕਰ ਹੇਠ ਰਕਬੇ ਨੂੰ ਘਟਾ ਕੇ ਖੇਤੀ ਵੰਨ-ਸੁਵੰਨਤਾ ਨੂੰ ਅਪਣਾਉਣ ਦੀ ਅਪੀਲ ਕਰਦਿਆਂ ਉਹਨਾਂ ਨੇ ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਡੇਅਰੀ ਪਾਲਣ, ਮੁਰਗ਼ੀ ਪਾਲਣ ਵਰਗੇ ਸਹਾਇਕ ਧੰਦਿਆਂ ਨੂੰ ਅਪਣਾਓ ਲਈ ਕਿਹਾ। ਇਸ ਮਨੋਰਥ ਨੂੰ ਪੂਰਿਆਂ ਕਰਨ ਲਈ ਉਹਨਾਂ ਨੇ ਪੰਜਾਬ ਭਰ ਵਿੱਚ ਪੀ.ਏ.ਯੂ. ਦੇ 18 ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸਿਖਲਾਈਆਂ ਦੀ ਜਾਣਕਾਰੀ ਵੀ ਸਾਂਝੀ ਕੀਤੀ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਦੇ ਮਾਹਿਰਾਂ ਅਤੇ ਪੀ.ਏ.ਯੂ. ਅਧਿਕਾਰੀਆਂ ਵੱਲੋਂ ਡਾ. ਸਤਿਬੀਰ ਸਿੰਘ ਗੋਸਲ ਅਤੇ ਡਾ. ਹਰਜਿੰਦਰ ਸਿੰਘ ਬੇਦੀ ਦਾ ਵਿਸ਼ੇਸ਼ ਮਾਣ ਸਨਮਾਨ ਵੀ ਕੀਤਾ ਗਿਆ। ਵੱਖ-ਵੱਖ ਉੱਦਮਾਂ ਅਤੇ ਖੇਤੀ ਵਿੱਚ ਵਿਸ਼ੇਸ਼ ਮੱਲਾਂ ਮਾਰਨ ਵਾਲੇ ਅਗਾਂਹਵਧੂ ਕਿਸਾਨਾਂ; ਹਰਪ੍ਰੀਤ ਕੌਰ ਪਿੰਡ ਅਲੋਹਰਾਂ, ਸੁਖਦੇਵ ਸਿੰਘ ਪਿੰਡ ਮੀਰਾਂਪੁਰ, ਪ੍ਰਦੀਪ ਸਿੰਘ ਪਿੰਡ ਬਿਰੜਵਾਲ, ਨਰਿੰਦਰ ਸਿੰਘ ਪਿੰਡ ਦਿੱਤੂਪੁਰ, ਹਰਜੀਤ ਕੌਰ ਪਿੰਡ ਰੋੜਗੜ੍ਹ, ਗੁਰਪ੍ਰੀਤ ਸਿੰਘ ਪਿੰਡ ਗੰਡਾਖੇੜੀ, ਲਖਵਿੰਦਰ ਸਿੰਘ ਪਿੰਡ ਕਲਿਆਣ, ਗੁਰਦਾਸ ਸਿੰਘ ਪਿੰਡ ਕਲੇਰ, ਮਹੇਸ਼ ਕੁਮਾਰ ਪਿੰਡ ਕਲਿਆਣ ਤੋਂ ਇਲਾਵਾ ਆਲ ਇੰਡੀਆ ਰੇਡੀਓ, ਪਟਿਆਲਾ ਦੀ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਕਰਦਿਆਂ ਡਾ. ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ, ਪੀ.ਏ.ਯੂ. ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਵਿਕਸਤ ਸੰਯੁਕਤ ਖੇਤੀ ਪ੍ਰਣਾਲੀ ਦਾ ਮਾਡਲ ਅਪਣਾਉਣ ਦੀ ਅਪੀਲ ਕੀਤੀ ਤਾਂ ਜੋ ਖੇਤੀ ਲਾਗਤਾਂ ਨੂੰ ਘਟਾ ਕੇ ਸ਼ੁੱਧ ਮੁਨਾਫ਼ਾ ਵਧਾਇਆ ਜਾ ਸਕੇ। ਡਾ. ਗੁਰਉਪਦੇਸ਼ ਕੌਰ, ਇੰਚਾਰਜ ਕੇ.ਵੀ.ਕੇ. ਪਟਿਆਲਾ ਨੇ ਧੰਨਵਾਦ ਦੇ ਸ਼ਬਦ ਕਹੇ।

Have something to say? Post your comment

 

More in Malwa

ਖ਼ਰੀਦ ਕੇਂਦਰਾਂ 'ਚ ਸਫ਼ਾਈ ਪ੍ਰਬੰਧਾਂ ਨੂੰ ਲੈਕੇ ਹਰਕਤ 'ਚ ਆਇਆ ਪ੍ਰਸ਼ਾਸਨ 

ਦੁਕਾਨ ਦਾ ਕਬਜ਼ਾ ਲੈਣ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ 

ਸੁਨਾਮ ਵਿਖੇ ਸ੍ਰੀ ਖਾਟੂ ਸ਼ਿਆਮ ਮੰਦਿਰ ਦੀ ਝੰਡਾ ਯਾਤਰਾ 10 ਨੂੰ- ਜਨਾਲੀਆ 

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ 3 ਤੇ 4 ਅਪ੍ਰੈਲ ਨੂੰ ਲੱਗੇਗਾ ਪਲੇਸਮੈਂਟ ਕੈਂਪ

ਵਰਦਾਨ ਹਸਪਤਾਲ ਦੀ ਲਾਪਰਵਾਹੀ, ਮੂਰਤੀ ਦੇਵੀ ਦੀ ਮੌਤ ਗਲਤ ਟੀਕੇ ਅਤੇ ਦਵਾਈ ਕਾਰਨ ਹੋਈ, ਪੋਸਟ ਮਾਰਟਮ ਵੀ ਨਹੀਂ ਹੋਇਆ, ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ : ਕੈਂਥ

ਇੰਜ: ਮੁਨੀਸ਼ ਭਾਰਦਵਾਜ ਨੂੰ ਐਸਈ(ਇਲੇਕ੍ਟ੍ਰਿਕਲ)/ਪੀਐਸਪੀਸੀਐਲ ਸੀਐਮਡੀ ਦੇ ਓਐਸਡੀ ਵਜੋਂ ਦਿੱਤੀ ਗਈ ਤਰੱਕੀ 

ਰਿੰਪਲ ਧਾਲੀਵਾਲ ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਬਣੇ 

ਪੰਜਾਬ ਮਹਿਲਾ ਕਮਿਸ਼ਨ ਨੇ ਪਟਿਆਲਾ ਵਿਖੇ ਹੋਏ ਘਿਨੌਣੇ ਅਪਰਾਧ ਦੀ ਸਖ਼ਤ ਨਿੰਦਿਆ ਕੀਤੀ

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਮਹਾਵੀਰ ਜੈਯੰਤੀ ਮੌਕੇ 10 ਅਪ੍ਰੈਲ ਨੂੰ ਮੀਟ, ਮੱਛੀ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ ਤਿੰਨ ਤੋਂ : ਮੋਹਲ