ਸੰਗਰੂਰ : ਸੰਗਰੂਰ ਜ਼ਹਿਰੀਲੀ ਸ਼ਰਾਬ ਕਾਂਡ ਲਈ ਹਾਈ ਲੈਵਲ ਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ADGP ਗੁਰਿੰਦਰ ਢਿੱਲੋਂ ਦੀ ਅਗਵਾਈ ‘ਚ ਇਹ ਕਮੇਟੀ ਬਣਾਈ ਗਈ ਹੈ। ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 14 ਤੱਕ ਪਹੁੰਚ ਚੁੱਕੀ ਹੈ। ਪੁਲਿਸ ਨੇ ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਬਾਅਦ ਇਕ ਮਹਿਲਾ ਸਣੇ 8 ਲੋਕਾਂ ਨੂੰ ਫੜਿਆ ਹੈ। ਪੰਜਾਬ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਏਡੀਜੀਪੀ ਕਾਨੂੰਨ ਵਿਵਸਥਾ ਆਈਪੀਸੀ ਗੁਰਿੰਦਰ ਢਿੱਲੋਂ ਦੀ ਅਗਵਾਈ ਵਿਚ ਚਾਰ ਮੈਂਬਰੀ ਸਿਟ ਦਾ ਗਠਨ ਕਰ ਦਿੱਤਾ ਗਿਆ ਹੈ।
ਸੰਗਰੂਰ ਦੇ ਸਿਵਲ ਸਰਜਨ ਡਾ. ਕ੍ਰਿਪਾਲ ਸਿੰਘ ਮੁਤਾਬਕ 5 ਲੋਕ ਸੁਨਾਮ ਦੇ ਜਖੇਪਲ ਦੇ ਗਿਆਨ ਸਿੰਘ ਤੇ ਸੁਨਾਮ ਦੇ ਰਵੀਦਾਸਪੁਰਾ ਟਿੱਬੀ ਦੇ ਲੱਛਾ ਸਿੰਘ, ਬੁੱਧ ਸਿੰਘ ਤੇ ਦਰਸ਼ਨ ਸਿੰਘ ਸਿਵਲ ਹਸਪਤਾਲ ਵਿਚ ਮ੍ਰਿਤਕ ਲਿਆਂਦੇ ਗਏ ਸਨ ਜਦੋਂ ਕਿ ਸੁਨਾਮ ਹਸਪਤਾਲ ਵਿਚ ਗੁਜਰਾਂ ਦੇ ਜਰਨੈਲ ਸਿੰਘ ਨੂੰ ਮ੍ਰਿਤਕ ਲਿਆਂਦਾ ਗਿਆ। ਇਸ ਤੋਂ ਇਲਾਵਾ ਰਾਜਿੰਦਰ ਹਸਪਤਾਲ ਵਿਚ ਇਲਾਜ ਅਧੀਨ ਜਰਨੈਲ ਸਿੰਘ ਪਿੰਡ ਗੁੱਜਰਾਂ ਦੀ ਇਲਾਜ ਦੌਰਾਨ ਬੀਤੀ ਰਾਤ ਮੌਤ ਹੋ ਗਈ। ਜਦੋਂ ਕਿ ਗੁੱਜਰਾਂ ਦੇ ਹੀ ਹਰਜੀਤ ਸਿੰਘ ਤੇ ਸ਼ਾਫੀਨਾਥ ਦੀ ਸੁਨਾਮ ਹਸਪਤਾਲ ਵਿਚ ਮੌਤ ਹੋ ਗਈ।
ਇਨ੍ਹਾਂ ਸਾਰਿਆਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਹੈ। ਪੁਲਿਸ ਵੱਲੋਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਸੰਗਰੂਰ ਤੇ ਪਟਿਆਲਾ ਵਿਚ ਵੀ 16 ਮਰੀਜ਼ ਦਾਖਲ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 7 ਮਰੀਜ਼ਾਂ ਦਾ ਸਿਵਲ ਹਸਪਤਾਲ ਸੰਗਰੂਰ ਤੇ 9 ਦਾ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਵੀ ਕਾਰਵਾਈ ਕਰਦੇ ਹੋਏ ਧਾਰਾ 302 ਤੇ 34 ਤੇ ਐਕਸਾਈਜ਼ ਦੀ ਧਾਰਾ 61-ਏ ਤਹਿਤ ਚੀਮਾ ਪੁਲਿਸ ਸਟੇਸ਼ਨ ਵਿਚ FIR ਦਰਜ ਕੀਤੀ ਗਈ ਹੈ।