ਮਾਲੇਰਕੋਟਲਾ : ਸਾਬਕਾ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਹਰਕਮਲ ਪ੍ਰੀਤ ਸਿੰਘ ਖੱਖ ਨੇ ਵੀਰਵਾਰ ਨੂੰ ਮਾਲੇਰਕੋਟਲਾ ਪੁਲਿਸ ਮੁਲਾਜ਼ਮਾਂ, ਸਿਵਲ ਪ੍ਰਸ਼ਾਸਨ, ਡੀਸੀ ਮਾਲੇਰਕੋਟਲਾ ਡਾ. ਪੱਲਵੀ, ਪ੍ਰੈਸ ਮੀਡੀਆ ਅਤੇ ਮਾਲੇਰਕੋਟਲਾ ਵਾਸੀਆਂ ਦਾ ਜ਼ਿਲ੍ਹੇ ਵਿੱਚ ਆਪਣੇ ਕਾਰਜਕਾਲ ਦੌਰਾਨ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਤਬਾਦਲਾ ਕੀਤੇ ਗਏ ਐਸ.ਐਸ.ਪੀ ਖੱਖ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਾਲੇਰਕੋਟਲਾ ਪੁਲਿਸ ਫੋਰਸ, ਸਿਵਲ ਪ੍ਰਸ਼ਾਸਨ, ਪ੍ਰੈਸ ਮੀਡੀਆ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕਾਂ ਦਾ ਸਹਿਯੋਗ ਨੇ ਮਾਲੇਰਕੋਟਲਾ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਐਸਐਸਪੀ ਖੱਖ ਨੇ ਕਿਹਾ, "ਲੋਕ ਸੇਵਾ ਪ੍ਰਤੀ ਵਚਨਬੱਧਤਾ ਲਈ ਮੈਂ ਮਾਲੇਰਕੋਟਲਾ ਪੁਲਿਸ ਦੇ ਮਿਹਨਤੀ ਅਫਸਰਾਂ ਅਤੇ ਸਾਰੇ ਮੁਲਾਜ਼ਮਾਂ ਦਾ ਰਿਣੀ ਹਾਂ। ਮਾਲੇਰਕੋਟਲਾ ਜਿਲੇ ਵਿੱਚ ਸੁਰੱਖਿਆ ਅਤੇ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ 24 ਘੰਟੇ ਕੀਤੇ ਜਾ ਰਹੇ ਯਤਨ ਸੱਚਮੁੱਚ ਹੀ ਸ਼ਲਾਘਾਯੋਗ ਹਨ।" ਉਨ੍ਹਾਂ ਨੇ ਪੁਲਿਸ ਦੇ ਉਪਰਾਲਿਆਂ ਵਿੱਚ ਸਰਗਰਮ ਸਹਿਯੋਗ ਲਈ ਇਲਾਕਾ ਨਿਵਾਸੀਆਂ ਦਾ ਧੰਨਵਾਦ ਵੀ ਕੀਤਾ। ਐਸ.ਐਸ.ਪੀ ਖੱਖ ਨੇ ਕਿਹਾ, "ਪੁਲਿਸ-ਜਨਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਮਾਲੇਰਕੋਟਲਾ ਦੇ ਲੋਕਾਂ ਨੇ ਸਥਾਨਕ ਮੁੱਦਿਆਂ ਨੂੰ ਹੱਲ ਕਰਨ ਵਿੱਚ ਬਹੁਤ ਮਦਦ ਕੀਤੀ ਹੈ। "ਐਸਐਸਪੀ ਖੱਖ ਨੇ ਮੀਡੀਆ ਦੇ ਨਿਰਪੱਖ ਅਤੇ ਜ਼ਿੰਮੇਵਾਰ ਰਿਪੋਰਟਿੰਗ ਲਈ ਵੀ ਧੰਨਵਾਦ ਕੀਤਾ, ਜਿਸ ਨੇ ਮਾਲੇਰਕੋਟਲਾ ਪੁਲਿਸ ਦੇ ਯਤਨਾਂ ਵਿੱਚ ਉਸਾਰੂ ਭੂਮਿਕਾ ਨਿਭਾਈ ਹੈ। ਐਸ.ਐਸ.ਪੀ ਖੱਖ ਨੇ ਭਰੋਸਾ ਪ੍ਰਗਟਾਇਆ ਕਿ ਲੋਕ ਨਵੇ ਐਸ.ਐਸ.ਪੀ ਦਾ ਵੀ ਇਸੇ ਤਰ੍ਹਾਂ ਹੀ ਸਹਿਯੋਗ ਕਰਨਗੇ ਅਤੇ ਮਾਲੇਰਕੋਟਲਾ ਪੁਲੀਸ ਫੋਰਸ ਵੱਲੋਂ ਨਿਭਾਈਆਂ ਗਈਆਂ ਲੋਕ ਸੇਵਾ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਤੋਰਨ ਲਈ ਭਰਪੂਰ ਸਹਿਯੋਗ ਕਰਨਗੇ।