ਸੁਨਾਮ : ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਸ਼ਨਿੱਚਰਵਾਰ ਨੂੰ ਸੁਨਾਮ ਦੀ ਟਿੱਬੀ ਰਵਿਦਾਸਪੁਰਾ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਫੌਤ ਹੋ ਚੁੱਕੇ ਵਿਅਕਤੀਆਂ ਦੇ ਘਰਾਂ ਵਿੱਚ ਜਾਕੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੋਕੇ ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਹਲਕਾ ਦਿੜ੍ਹਬਾ ਅਤੇ ਸੁਨਾਮ ਵਿੱਚ "ਜ਼ਹਿਰੀਲੀ ਸ਼ਰਾਬ" ਕਾਰਨ ਹੋਈਆਂ ਦੋ ਦਰਜ਼ਨ ਦੇ ਕਰੀਬ ਮੌਤਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਉਕਤ ਮਾਮਲੇ ਦੀ ਸਰਕਾਰ ਤੋਂ ਬਾਰੀਕੀ ਨਾਲ ਜਾਂਚ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੀ ਖੇਪ ਕਿੱਥੋਂ ਅਤੇ ਕਿਵੇਂ ਸੁਨਾਮ ਅਤੇ ਦਿੜ੍ਹਬਾ ਇਲਾਕੇ ਵਿੱਚ ਆਈ, ਪੂਰੇ ਮਸਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ , ਉਨ੍ਹਾਂ ਕਿਹਾ ਕਿ ਨਜਾਇਜ਼ ਸ਼ਰਾਬ ਦੀ ਤਸਕਰੀ ਅਤੇ ਪੁਸ਼ਤਪਨਾਹੀ ਕਰਨ ਵਾਲੇ ਵੀ ਸਾਹਮਣੇ ਆਉਣੇ ਚਾਹੀਦੇ ਹਨ। ਮੈਡਮ ਦਾਮਨ ਬਾਜਵਾ ਨੇ ਕਿਹਾ ਕਿ ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਲਿਪਤ ਲੋਕਾਂ ਦੀ ਪ੍ਰਸ਼ਾਸ਼ਨ ਨੂੰ ਇਤਲਾਹ ਦੇਣੀ ਚਾਹੀਦੀ ਹੈ ਤਾਂ ਜੋ ਹੋਰ ਮਨੁੱਖੀ ਜਾਨਾਂ ਨੂੰ ਇਸ ਦੈਂਤ ਦੇ ਮੂੰਹ ਵਿੱਚ ਜਾਣ ਤੋਂ ਬਚਾ ਸਕੀਏ। ਉਨ੍ਹਾਂ ਕਿਹਾ ਕਿ ਬੇਕਸੂਰੇ ਲੋਕਾਂ 'ਤੇ ਝੂਠੇ ਪਰਚੇ ਨਹੀਂ ਪੈਣੇ ਚਾਹੀਦੇ ਅਸਲ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਅੰਦਰ ਹੋਣਾ ਚਾਹੀਦਾ ਹੈ। ਮੈਡਮ ਬਾਜਵਾ ਨੇ ਕਿਹਾ ਕਿ ਇਹ ਲੋਕ ਜਿਨ੍ਹਾਂ ਦੀ ਮੋਤ ਹੋਈ ਹੈ ਅਤੇ ਜੋ ਹਸਪਤਾਲ ਵਿੱਚ ਦਾਖਲ ਹਨ ਉਹ ਦਿਹਾੜੀਦਾਰ ਲੋਕ ਹਨ, ਉਨਾਂ ਦੇ ਪਰਿਵਾਰ ਦੇ ਹਲਾਤ ਵੀ ਬਹੁਤ ਨਾਜੁਕ ਹਨ ਮੌਜੂਦਾ ਪੰਜਾਬ ਸਰਕਾਰ ਨੂੰ ਇਹਨਾ ਪਰਿਵਾਰਾਂ ਦੀ ਮਾਲੀ ਮਦਦ ਵੀ ਕਰਨੀ ਚਾਹੀਦੀ ਹੈ। ਇਸ ਮੋਕੇ ਮਾਲਵਿੰਦਰ ਸਿੰਘ ਗੋਲਡੀ, ਗੁਰਜੰਟ ਸਿੰਘ ਬਖਤੌਰ ਨਗਰ, ਜੋਗਿੰਦਰ ਸਿੰਘ ਟਿੱਬੀ, ਹਰਜਸ ਸਿੰਘ ਖਡਿਆਲ , ਗੁਰਮੁੱਖ ਸਿੰਘ ਟਿੱਬੀ ਆਦਿ ਹਾਜ਼ਰ ਸਨ।