ਸੁਨਾਮ : ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾਂ ਦੇ ਜੱਦੀ ਜ਼ਿਲ੍ਹੇ ਅੰਦਰ ਪਿਛਲੇ ਕੁੱਝ ਦਿਨਾਂ ਤੋਂ ਦਿੜਬਾ ਦੇ ਪਿੰਡ ਗੁੱਜਰਾਂ, ਢੰਡੋਲੀ ਅਤੇ ਸੁਨਾਮ ਦੀ ਟਿੱਬੀ ਰਵਿਦਾਸਪੁਰਾ ਵਿਖੇ ਨਜਾਇਜ਼ ਜ਼ਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਦਾ ਮਾਮਲਾ ਸੁਨਾਮ ਦੇ ਐਡਵੋਕੇਟ ਰਵਨੀਤਜੋਤ ਸਿੰਘ ਨੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਚੁੱਕਦਿਆਂ ਸ਼ਰਾਬ ਮਾਫੀਏ ਦੀ ਪੁਸ਼ਤਪਨਾਹੀ ਕਰਨ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਐਡਵੋਕੇਟ ਰਵਨੀਤਜੋਤ ਸਿੰਘ ਨੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਦਰਜ਼ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਵਿੱਚ ਬਹੁਤਾਤ ਉਹਨਾਂ ਲੋਕਾਂ ਦੀ ਹੈ ਜੋ ਮਜ਼ਦੂਰ ਵਰਗ ਨਾਲ ਸਬੰਧਿਤ ਹਨ ਅਤੇ ਜਿਨਾਂ ਦੇ ਘਰ ਦੀ ਕਬੀਲਦਾਰੀ ਮਰਨ ਵਾਲਿਆਂ ਦੇ ਸਿਰ ਤੇ ਹੀ ਚੱਲਦੀ ਸੀ, ਉਨ੍ਹਾਂ ਦੇ ਘਰਾਂ ਵਿੱਚ ਵਿੱਛੇ ਸੱਥਰ ਤੇ ਕੁਰਲਾਉਂਦੇ ਪਰਿਵਾਰਿਕ ਮੈਂਬਰਾਂ ਦੀਆਂ ਚੀਕਾਂ ਸ਼ਾਇਦ ਅਜੇ ਤੱਕ ਬੋਲੇ ਸਿਆਸਤਦਾਨਾਂ ਤੱਕ ਨਹੀਂ ਪਹੁੰਚ ਸਕੀਆਂ ,ਨਹੀਂ ਤਾਂ ਸ਼ਰਾਬ ਮਾਫੀਏ ਦੀ ਪੁਸ਼ਤ ਪਨਾਹੀ ਕਰਨ ਵਾਲੀਆਂ ਅਸਲ ਅਦਿੱਖ ਤਾਕਤਾਂ ਜੋ ਜ਼ਿੰਮੇਵਾਰ ਹਨ, ਤੇ ਕਾਰਵਾਈ ਜ਼ਰੂਰ ਹੋਈ ਹੁੰਦੀ। ਉਨ੍ਹਾਂ ਦੱਸਿਆ ਕਿ ਕਮਿਸ਼ਨ ਕੋਲ ਦਰਜ਼ ਕਰਵਾਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਹਰ ਸਰਕਾਰਾਂ ਵਿੱਚ ਵਿਰੋਧੀ ਧਿਰ ਅਜਿਹੇ ਮੰਦਭਾਗੇ ਘਟਨਾਵਾਂ ਤੇ ਚੀਕ ਚੀਕ ਕੇ ਕਾਰਵਾਈ ਦੀ ਮੰਗ ਕਰਦੀਆਂ ਹਨ ਪਰੰਤੂ ਸੱਤਾਧਾਰੀ ਹੁੰਦਿਆਂ ਹੀ ਉਹ ਮੰਗਾਂ ਕਿੱਧਰ ਗਾਇਬ ਹੋ ਜਾਂਦੀਆਂ ਹਨ ਹੈਰਾਨੀ ਵਾਲੀ ਗੱਲ ਹੈ। ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਰਵਨੀਤ ਜੋਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਸ਼ਿਕਾਇਤ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਦਰਜ ਕਰਵਾਈ ਗਈ ਹੈ , ਇਸ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਵੀ ਪੀੜਤ ਪਰਿਵਾਰਾਂ ਦੀ ਆਰਥਿਕ ਮਦਦ ਦੀ ਮੰਗ ਕੀਤੀ ਗਈ ਹੈ । ਇਸ ਮੌਕੇ ਐਡਵੋਕੇਟ ਸ਼ੁਭਮ ਗਰਗ, ਕਰਨ ਗਰਗ, ਹਿਮਾਂਸ਼ੂ,ਸਾਹਿਲ, ਹਰਵਿੰਦਰ ਕੁੱਦਨੀ ਮਨੀਸ਼ ਗੋਇਲ ,ਸਰਗੁਨ ਸੋਨੀ,ਭਾਵਿਤ ਅਤੇ ਹੋਰ ਵਕੀਲ ਹਾਜ਼ਰ ਸਨ।