ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਇਨਕਲਾਬੀ ਸਰਕਾਰ ਪੀੜਤਾਂ ਦੀ ਸਾਰ ਲੈਣ ਤੋਂ ਭੱਜ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਮੇਤ ਹੋਰ ਵਜ਼ੀਰ ਤੇ ਆਗੂ ਕਰੋੜਾਂ ਰੁਪਏ ਦੇ ਕਥਿਤ ਆਬਕਾਰੀ ਘੁਟਾਲੇ ਵਿੱਚ ਗ੍ਰਿਫਤਾਰ ਕੀਤੇ ਆਪਣੇ ਆਕਾ ਨੂੰ ਖੁਸ਼ ਕਰਨ ਲਈ ਦਿੱਲੀ ਤਾਂ ਚਲੇ ਗਏ ਲੇਕਿਨ ਗਰੀਬ ਲੋਕਾਂ ਤੇ ਟੁੱਟੇ ਪਹਾੜ ਦੀ ਸਾਰ ਲੈਣ ਕਈ ਦਿਨ ਤੱਕ ਕੋਈ ਨਹੀਂ ਪੁੱਜਾ। ਸਨਿੱਚਰਵਾਰ ਦੇਰ ਸ਼ਾਮ ਟਿੱਬੀ ਰਵਿਦਾਸਪੁਰਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰੇ ਵਿਅਕਤੀਆਂ ਦੇ ਸਸਕਾਰ ਮੌਕੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਉਣ ਆਏ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਲਈ ਸਰਕਾਰ ਜਿੰਮੇਵਾਰ ਨਹੀਂ ਦੇ ਬਿਆਨ ਨੂੰ ਗੈਰ ਜ਼ਿੰਮੇਵਰਾਨਾ ਕਰਾਰ ਦਿੰਦਿਆਂ ਕਿਹਾ ਕਿ ਮੰਤਰੀ ਦੇ ਬਿਆਨ ਨੇ ਪੀੜਤਾਂ ਦੇ ਜ਼ਖਮਾਂ ਤੇ ਮੱਲ੍ਹਮ ਲਗਾਉਣ ਦੀ ਬਜਾਏ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਜਾਇਜ਼ ਸ਼ਰਾਬ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ ਜਿਸ ਨਾਲ ਦੋ ਦਰਜ਼ਨ ਦੇ ਕਰੀਬ ਪਰਿਵਾਰਾਂ ਦੇ ਸਿਰ ਤੋਂ ਸਾਇਆ ਉੱਠ ਗਿਆ ਹੈ ਲੇਕਿਨ ਪੰਜਾਬ ਵਜਾਰਤ ਵਿੱਚ ਤੀਜੇ ਨੰਬਰ ਦਾ ਮੰਤਰੀ ਅਜਿਹੇ ਬਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਥਿਤ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਲਈ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਇਸ ਮੌਕੇ ਸਾਬਕਾ ਚੇਅਰਮੈਨ ਪ੍ਰਿਤਪਾਲ ਸਿੰਘ ਹਾਂਡਾ, ਮਨਿੰਦਰ ਸਿੰਘ ਲਖਮੀਰਵਾਲਾ, ਸਾਬਕਾ ਨਗਰ ਕੌਂਸਲ ਪ੍ਰਧਾਨ ਬਘੀਰਥ ਰਾਏ ਗੀਰਾ, ਕੌਂਸਲਰ ਮੌਂਟੀ ਮਧਾਨ, ਪ੍ਰਿਤਪਾਲ ਸਿੰਘ ਕਾਲਾ ਕੋਕੋਮਾਜਰੀ, ਬਲਜਿੰਦਰ ਸਿੰਘ ਕਾਕਾ ਠੇਕੇਦਾਰ ਸਮੇਤ ਆਗੂ ਹਾਜ਼ਰ ਸਨ।