ਪਟਿਆਲਾ : ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਨੂੰ ਠੋਕਵਾਂ ਜਵਾਬ ਦਿੱਤਾ ਹੈ। ਅਜੀਤਪਾਲ ਕੋਹਲੀ ਨੇ ਕਿਹਾ ਕਿ ਪ੍ਰਨੀਤ ਕੌਰ ਜੀ ਤੁਸੀਂ ਵੀ ਆਪਣੀ ਮਾਂ ਪਾਰਟੀ, ਜਿਸ ਨੇ ਤੁਹਾਡੇ ਪਤੀ ਨੂੰ 2 ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾਇਆ, ਤੁਹਾਨੂੰ 4 ਵਾਰ ਮੈਂਬਰ ਪਾਰਲੀਮੈਂਟ ਬਣਾ ਕੇ ਸਹੂ ਤੋਂ ਹੀ ਜਿਲ੍ਹੇ ਦਾ ਮਾਲਕ ਬਣਾਈ ਰੱਖਿਆ, 1 ਵਾਰ ਕੇਂਦਰੀ ਵਿਦੇਸ਼ ਰਾਜ ਮੰਤਰੀ ਬਣਾਇਆ ਪਰ ਤੁਸੀਂ ਸਿਰਫ ਆਪਣੇ ਵਿਦੇਸ਼ੀ ਖਾਤਿਆਂ ਦੀ ਈ ਡੀ ਕੋਲ ਚਲਾ ਰਹੀ ਜਾਂਚ ਤੋਂ ਬਚਣ ਵਾਸਤੇ ਭਾਜਪਾ ਦਾ ਪੱਲਾ ਫੜਿਆ ਹੈ। ਵਿਧਾਇਕ ਕੋਹਲੀ ਨੇ ਕਿਹਾ ਕਿ ਕਿਸੇ ਨੂੰ ਕੋਈ ਗੱਲ ਕਹਿਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰਨਾ ਚਾਹੀਦਾ ਹੈ।
ਵਿਧਾਇਕ ਨੇ ਕਿਹਾ ਕਿ ਤੁਹਾਨੂੰ ਜਦੋ ਈ ਡੀ ਨੇ ਨੋਟਿਸ ਭੇਜਿਆ ਤਾਂ ਤੁਸੀਂ ਸਾਰਾ ਪਰਿਵਾਰ ਘਬਰਾ ਗਿਆ ਕਿਉਂ ਕਿ ਤੁਹਾਡੇ ਵਿਦੇਸ਼ੀ ਬੈੰਕਾਂ ਚ ਖਾਤੇ ਹਨ, ਤੁਸੀਂ ਕਿਹੜਾ ਪਹਿਲੀ ਵਾਰ ਨੋਟਿਸ ਦਾ ਜਵਾਬ ਦਿੱਤਾ, ਤੁਸੀਂ ਤਾਂ ਜਵਾਬ ਦੇਣ ਦੀ ਬਜਾਏ ਉਲਟਾ ਡਰ ਕੇ ਭਾਜਪਾ ਦਾ ਪੱਲਾ ਫੜਨਾ ਹੀ ਚੰਗਾ ਸਮਝਿਆ। ਅਜੀਤਪਾਲ ਨੇ ਕਿਹਾ ਕਿ ਤੁਸੀਂ ਆਪਣੀ ਪੀੜੀ ਹੇਠ ਸੋਟਾ ਮਾਰੋ ਕੇ ਜਦੋਂ ਤੁਹਾਡੀ ਸਰਕਾਰ ਸੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਉਸ ਸਮੇ ਪਟਿਆਲਾ ਕਾਰਪੋਰੇਸ਼ਨ ਚ ਕੀ ਕੁਝ ਹੋਇਆ, ਕਿੰਨਾ ਘਪਲਾ ਹੋਇਆ, ਡਰਦੇ ਮਾਰੇ ਤੁਸੀਂ ਕਾਰਪੋਰੇਸ਼ਨ ਨੂੰ ਹੀ ਭਾਜਪਾ ਦਾ ਰੰਗ ਦੇ ਦਿੱਤਾ ਸੀ। ਇਸ ਲਈ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੋ ਇਕ ਸੱਚੇ ਸੁੱਚੇ ਲੀਡਰ ਹਨ ਅਤੇ ਦੇਸ਼ ਦੀ ਸੇਵਾ ਹੀ ਉਨ੍ਹਾਂ ਦਾ ਇਕ ਮਕਸਦ ਹੈ, ਲੋਕ ਉਨ੍ਹਾਂ ਦੀਆਂ ਲੋਕ ਹਿੱਤ ਸੇਵਾਵਾਂ ਵੇਖਦੇ ਹੋਏ ਆਮ ਆਦਮੀ ਪਾਰਟੀ ਨਾਲ ਰਲਣਾ ਸ਼ੁਰੂ ਹੋ ਗਏ ਸਨ, ਜਿਸ ਤੋਂ ਘਬਰਾ ਕੇ ਭਾਜਪਾ ਨੇ ਇਹ ਵਡੰਬਰ ਰਚਿਆ ਅਤੇ ਆਪ ਪਾਰਟੀ ਨੂੰ ਖਤਮ ਕਰਨ ਦੇ ਨਾਕਾਮਯਾਬ ਇਰਾਦੇ ਨਾਲ ਵੱਡੇ ਲੀਡਰਾਂ ਨੂੰ ਜੇਲ੍ਹ ਭੇਜਿਆ ਹੈ। ਜਦਕਿ ਸ੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਖਤਮ ਨਹੀਂ ਹੋ ਸਕਦੀ, ਇਕ ਕੇਜਰੀਵਾਲ ਨੂੰ ਜੇਲ੍ਹ ਭੇਜੋਗੇ ਤਾਂ ਕਈ ਹੋਰ ਕੇਜਰੀਵਾਲ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਇਹ ਤਾਨਾਸ਼ਾਹੀ ਜਿਆਦਾ ਸਮਾਂ ਨਹੀਂ ਚੱਲੇਗੀ, ਹੁਣ ਜਲਦੀ ਹੀ ਲੋਕ ਵੋਟਾਂ ਰਾਹੀਂ ਸਬਕ ਸਿਖਾਉਣ ਲਈ ਤਿਆਰ ਹਨ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਦੇਸ਼ ਦੇ ਲੋਕ ਹੁਣ ਅੱਕ ਚੁੱਕੇ ਹਨ ਅਤੇ ਆਪਣਾ ਗੁੱਸਾ ਆਪਣੀ ਵੋਟ ਦਾ ਇਸਤੇਮਾਲ ਕਰਕੇ ਕਢਣਗੇ।