ਪਟਿਆਲਾ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਵਿਰੁੱਧ ਕੀਤੀ ਜਾ ਰਹੀ ਰੈਲੀ ਨੂੰ ਲੈ ਕੇ ਅੱਜ ਇਥੇ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਚ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੀ ਮੌਜੂਦ ਰਹੇ। ਮੀਟਿੰਗ ਉਪਰੰਤ ਡਾ ਬਲਬੀਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪੰਜਾਬ ਇਕਾਈ ਸਰਗਰਮ ਹੋ ਗਈ ਹੈ ਅਤੇ ਪਾਰਟੀ ਵੱਲੋਂ 31 ਮਾਰਚ ਨੂੰ ਗ੍ਰਿਫਤਾਰੀ ਦੇ ਵਿਰੋਧ ਵਿੱਚ ਦਿੱਲੀ ਵਿਖੇ ਮਹਾਰੈਲੀ ਰੱਖੀ ਗਈ ਹੈ। ਉਸ ਦੀਆਂ ਤਿਆਰੀਆਂ ਨੂੰ ਮੱਦੇਨਜਰ ਰੱਖਦਿਆਂ ਹਲਕਾ ਸ਼ਹਿਰੀ ਦੀ ਸਮੁੱਚੀ ਲੀਡਰਸ਼ਿਪ ਦੀ ਇੱਕ ਮੀਟਿੰਗ ਰੱਖੀ ਗਈ। ਇਸ ਮੀਟਿੰਗ ਦੌਰਾਨ ਦਿੱਲੀ ਮਹਾਰੈਲੀ ਵਿੱਚ ਹਲਕਾ ਪਟਿਆਲਾ ਸ਼ਹਿਰੀ ਚੋਂ ਜਿਆਦਾ ਤੋਂ ਜਿਆਦਾ ਗਿਣਤੀ ਯਕੀਨੀ ਬਣਾਉਣ ਲਈ ਪਾਰਟੀ ਦੀ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਜੋਸ਼ ਅਤੇ ਰੋਸ ਨਾਲ ਭਰੇ ਪਾਰਟੀ ਦੇ ਵਲੰਟੀਅਰਾਂ ਨੇ 31 ਮਾਰਚ ਨੂੰ ਹਜਾਰਾਂ ਦੀ ਗਿਣਤੀ ਵਿੱਚ ਦਿੱਲੀ ਪੁੱਜਣ ਦਾ ਭਰੋਸਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈਕੇ ਬੀਜੇਪੀ ਸ਼ੁਰੂ ਤੋਂ ਹੀ ਸ੍ਰੀ ਅਰਵਿੰਦ ਕੇਜਰੀਵਾਲ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਹਿਲਾਂ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਹੁਣ ਕੇਜਰੀਵਾਲ ਨੂੰ ਗ੍ਰਿਫਤਾਰ ਕਰਵਾ ਕੇ ਭਾਜਪਾ ਚਾਉਂਦੀ ਹੈ ਕੇ ਆਪ ਪਾਰਟੀ ਵਰਕਰਾਂ ਦਾ ਮਨੋਬਲ ਤੋੜਨ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋ ਕਰਕੇ ਟਿੱਲ ਦਾ ਜ਼ੋਰ ਲਗਾ ਕੇ ਦੇਖ ਲਿਆ ਪਰ ਪੂਰੇ ਦੇਸ਼ ਦਾ ਪਾਰਟੀ ਵਰਕਰ ਕੇਜਰੀਵਾਲ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ 31 ਨੂੰ ਅਸੀਂ ਦਿੱਲੀ ਲੱਖਾਂ ਦੀ ਗਿਣਤੀ ਵਿੱਚ ਪੁੱਜ ਕੇ ਭਾਜਪਾ ਅਤੇ ਮੋਦੀ ਸਰਕਾਰ ਦਾ ਭਰਮ ਭੁਲੇਖਾ ਕੱਢ ਦਿਆਂਗੇ। ਵਿਧਾਇਕ ਕੋਹਲੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਕਬਰ ਪੁੱਟਣ ਦਾ ਕੰਮ ਕੇਜਰੀਵਾਲ ਕਰ ਰਹੇ ਹਨ ਜਿਸ ਕਾਰਨ ਭਾਜਪਾ ਤੇ ਮੋਦੀ ਸਰਕਾਰ ਅੰਦਰੋਂ ਬਹੁਤ ਡਰੀਆਂ ਹੋਈਆਂ ਹਨ। ਇਨ੍ਹਾ ਦਾ ਡਰ ਜਾਇਜ ਵੀ ਹੈ ਕਿਉਂਕਿ ਮੋਦੀ ਐਂਡ ਪਾਰਟੀ ਨੂੰ ਜਦੋਂ ਵੀ ਹਰਾਇਆ ਹੈ ਤਾਂ ਅਰਵਿੰਦ ਕੇਜਰੀਵਾਲ ਨੇ ਹੀ ਹਰਾਇਆ ਤੇ ਲੋਕ ਸਭਾ ਚੋਣਾਂ 2024 ਜਰੀਏ ਵੀ ਹਰਾ ਕੇ ਇੰਡੀਆ ਨੂੰ ਭਾਜਪਾ ਮੁਕਤ ਕਰਨ ਦਾ ਮੁੱਢ ਬੰਨ੍ਹਣਗੇ। ਉਨ੍ਹਾਂ ਵਰਕਰਾਂ ਨੂੰ ਤਕੜੇ ਰਹਿਣ ਲਈ ਕਿਹਾ ਤਾਂ ਜੋ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਭਾਜਪਾ ਉਮੀਦਵਾਰਾਂ ਦੀ ਜਮਾਨਤਾਂ ਜਬਤ ਕਰਵਾ ਕੇ ਏਨ੍ਹਾ ਦੇ ਪਤਨ ਦੀ ਸ਼ੁਰੂਆਤ ਪੰਜਾਬ ਤੋਂ ਕਰੀਏ। ਇਸ ਮੌਕੇ ਹਲਕਾ ਪਟਿਆਲਾ ਸ਼ਹਿਰੀ ਦੇ ਸਮੂਹ ਬਲਾਕ ਪ੍ਰਧਾਨ, ਵਾਰਡ ਪ੍ਰਧਾਨ, ਵਿੰਗ ਅਹੁਦੇਦਾਰ ਅਤੇ ਹੋਰ ਆਗੂ ਸਾਹਿਬਾਨ ਮੌਜੂਦ ਰਹੇ।