ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵੱਲੋਂ ਸਾਰਥਕ ਰੰਗਮਚ ਪਟਿਆਲਾ ਦੇ ਸਹਿਯੋਗ ਨਾਲ਼ ‘ਵਿਸ਼ਵ ਰੰਗਮਚ ਦਿਵਸ’ ਮਨਾਇਆ ਗਿਆ ਜਿਸ ਵਿੱਚ ਰੰਗਮੰਚ ਅਤੇ ਫਿ਼ਲਮਾਂ ਦੇ ਨਿਰਦੇਸ਼ਕ , ਲੇਖਕ ਅਤੇ ਅਦਾਕਾਰ ਅੰਬਰਦੀਪ ਸਿੰਘ ਜੀ ਨਾਲ ਰੂ ਬ ਰੂ ਕੀਤਾ ਗਿਆ। ਉਨ੍ਹਾਂ ਨੇ ਕਲਾਕਾਰਾਂ, ਰੰਗਕਰਮੀਆਂ, ਦਰਸ਼ਕਾਂ, ਚਿੰਤਕਾਂ ਤੇ ਨੌਜਵਾਨਾਂ ਨਾਲ ਵਿਚਰਨ ਸੰਬੰਧੀ ਆਪਣੇ ਤਜਰਬੇ ਸਾਂਝੇ ਕੀਤੇ।ਉਨ੍ਹਾਂ ਰੰਗਮੰਚ ਦੀ ਦਸ਼ਾ ਤੇ ਦਿਸ਼ਾ ਬਾਰੇ ਵੀ ਗੱਲਬਾਤ ਕੀਤੀ। ਰੰਗਮੰਚ ਤੋਂ ਫਿਲਮਾਂ ਤੱਕ ਆਪਣੀ ਯਾਤਰਾ ਬਾਰੇ ਦੱਸਿਆ ਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਡਾ. ਕਮਲੇਸ਼ ਉੱਪਲ ਸਾਬਕਾ ਮੁਖੀ, ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹਾਲ ਵਿੱਚ ਹਾਜ਼ਰ ਸਰੋਤਿਆਂ ਸਾਹਮਣੇ ‘ਵਿਸ਼ਵ ਰੰਗਮੰਚ ਦਿਵਸ ਸੰਦੇਸ਼’ ਨੂੰ ਪੰਜਾਬੀ ਵਿੱਚ ਅਨੁਵਾਦ ਕਰ ਕੇ ਪੜ੍ਹਿਆ। ਉਨ੍ਹਾਂ ਦੱਸਿਆ ਕਿ ਇਸ ਸੰਦੇਸ਼ ਵਿਚ ਮਨੁੱਖਤਾ ਅਤੇ ਸ਼ਾਤੀ ਦੀ ਗੱਲ ਕੀਤੀ ਗਈ ਹੈ।
ਅਜੋਕੇ ਸਮੇਂ ਵਿੱਚ ਉਹ ਸੰਦੇਸ਼ ਹੋਰ ਵੀ ਸਾਰਥਕ ਹੋ ਜਾਂਦਾ ਹੈ, ਜਦੋਂ ਕਿ ਹਰ ਪਾਸੇ ਸੰਵੇਦਨਸ਼ੀਲਤਾ ਨੂੰ ਖ਼ਤਮ ਕਰਕੇ ਨਫ਼ਰਤ ਤੇ ਯੁੱਧ ਦਾ ਮਹੌਲ ਸਿਰਜਿਆ ਜਾ ਰਿਹਾ ਹੋਵੇ। ਇਸ ਮੌਕੇ ਅਮਰੀਕਾ ਤੋਂ ਪੁੱਜੇ ਅਸ਼ੋਕ ਟਾਂਗਰੀ ਨੇ ਅਮਰੀਕਾ ਅਤੇ ਪੰਜਾਬੀ ਰੰਗਮੰਚ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਡਾ. ਹਰਵਿੰਦਰ ਕੌਰ, ਡਾਇਰੈਕਟਰ ਸੀ.ਡੀ. ਓ. ਈ. ਨੇ ਧੰਨਵਾਦੀ ਸ਼ਬਦ ਬੋਲਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆ ਨੂੰ ਸੇਧ ਤੇ ਪ੍ਰੇਰਣਾ ਦਿੰਦੇ ਹਨ। ਡਾ. ਇੰਦਰਜੀਤ ਗੋਲਡੀ ਨੇ ਸਾਰਥਕ ਰੰਗਮੰਚ ਵੱਲੋਂ ਆਏ ਹੋਏ ਮਹਿਮਾਨਾਂ ਦਾ ਫੁਲਕਾਰੀ ਭੇਂਟ ਕਰਕੇ ਸਨਮਾਨ ਕੀਤਾ। ਇਸ ਮੌਕੇ ਡਾ. ਕਿਰਪਾਲ ਕਜ਼ਾਕ, ਡਾ. ਰਾਜਿੰਦਰ ਪਾਲ ਬਰਾੜ, ਡਾ. ਲੱਖਾ ਲਹਿਰੀ, ਡਾ. ਗੁਸੇਵਕ ਲੰਬੀ, ਡਾ. ਗੁਰਜੰਟ ਸਿੰਘ, ਡਾ. ਕੁਲਦੀਪ ਕੌਰ, ਡਾ. ਕੁਲਪਿੰਦਰ ਸ਼ਰਮਾਂ, ਡਾ. ਗੁਰਵਿੰਦਰ ਅਮਨ, ਤੇਜਿੰਦਰ ਸ਼ਰਮਾ, ਅਮਰਜੀਤ ਕਸਕ ਨੇ ਵੀ ਆਪਣੀ ਹਾਜ਼ਰੀ ਨਾਲ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ।