ਕੋਈ ਵੀ ਬੰਦਾ ਚੋਰ, ਠੱਗ, ਬੇਈਮਾਨ, ਵਾਅਦੇ ਤੋਂ ਮੁੱਕਰਨ ਵਾਲਾ, ਉਧਾਰ ਲੈ ਕੇ ਮੁੱਕਰਨ ਵਾਲਾ, ਕਾਤਲ , ਝੂਠ ਦਾ ਆਸਰਾ ਲੈਣ ਵਾਲਾ, ਧੋਖੇਬਾਜ਼ , ਜੱਜ, ਪਟਵਾਰੀ, ਨੇਤਾ, ਸਿਆਸਤਦਾਨ ਜਮਾਂਦਰੂ ਪੈਦਾ ਨਹੀਂ ਹੁੰਦਾ। ਉਹ ਜਿਵੇਂ ਜਿਵੇਂ ਦੁਨੀਆਂ ਵਿੱਚ ਵਿਚਰਦਾ, ਜਿਸ ਤਰਾਂ ਦੇ ਹਾਲਾਤਾਂ ਵਿੱਚ ਦੀ ਵਿਚਰਦਾ, ਉਹ ਉਸੇ ਤਰਾਂ ਦਾ ਬਣ ਜਾਂਦਾ ਹੈ। ਜਿਸ ਤਰਾਂ ਦੇ ਉਹਦੇ ਘਰ ਦੇ, ਆਲੇ ਦੁਆਲੇ ਦੇ ਹਾਲਾਤ ਹੁੰਦੇ ਨੇ ਉਹ ਉਹਨਾਂ ਵਿੱਚ ਹੀ ਢਲ਼ ਜਾਂਦਾ ਹੈ। ਸਿਆਣੇ ਕਹਿੰਦੇ ਨੇ ਜੈਸੀ ਬੈਠਕ ਉਸੀ ਸੋਹਬਤ। ਇਹ ਹਾਲਾਤ ਬੰਦੇ ਨੂੰ ਕੋਈ ਵੀ ਤਰਾਂ ਦਾ ਧੰਦਾ, ਕਾਰੋਬਾਰ ਕਰਨ ਲਈ ਮਜਬੂਰ ਕਰ ਦਿੰਦੇ ਹਨ। ਨਹੀਂ ਤਾਂ ਕਿਹੜਾ ਬੰਦਾ ਚਾਹੁੰਦਾ ਕਿ ਮੈਂ ਚੋਰ ਬਣਾਂ ? ਹਰ ਕੋਈ ਚਾਹੁੰਦਾ ਹੈ ਕਿ ਲੋਕੀਂ ਮੇਰਾ ਸਤਿਕਾਰ ਕਰਨ, ਇੱਜ਼ਤ ਦੇਣ। ਅੱਜ ਮੈਂ ਗੱਲ ਕਰ ਰਿਹਾਂ ਇੱਕ ਗੋਰੇ ਦੀ ਨਾਂ ਸੀ ਜਿਸਦਾ ਸ਼ਫੀਰੋ। ਗੱਲ ਕੋਈ 1987 ਦੀ ਹੈ। ਨਿਊਯਾਰਕ ਰਾਜ ਦੇ ਤੀਜੇ ਵੱਡੇ ਸ਼ਹਿਰ ਰਾਚੈਸਟਰ ਵਿੱਚ ਮੈਂ ਤੇ ਮੇਰੇ ਘਰਾਂ ਚੋਂ ਲੱਗਦੇ ਚਾਚੇ ਦੇ ਦੋ ਮੁੰਡੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੇ ਸੀ। ਰਿਹਾਇਸ਼ ਸਾਡੀ ਰੈਸਟੋਰੈਂਟ ਤੋਂ ਦੋ ਮੀਲ ਦੀ ਦੂਰੀ ਤੇ ਸੀ। ਅਸੀਂ ਤਿੰਨੋਂ ਹਰ ਰੋਜ਼ ਸਵੇਰੇ ਤੁਰਕੇ ਕੰਮ ਤੇ ਜਾਂਦੇ ਸੀ, ਚਾਹੇ ਮੀਂਹ ਵਰ੍ਹਦਾ ਹੋਵੇ, ਝੱਖੜ ਹੋਵੇ, ਬਰਫ਼ ਪੈਂਦੀ ਹੋਵੇ ਜਾਂ ਗਰਮੀ ਹੋਵੇ ਤੇ ਇਸੇ ਤਰਾਂ ਰਾਤ ਨੂੰ ਵਾਪਸ ਆਉਂਦੇ ਸੀ, ਅਸੀਂ ਜਾਂਦਿਆਂ ਆਉਂਦਿਆਂ ਕੁੱਝ ਕੁੜੀਆਂ, ਕੁੱਝ ਅੱਧਖੜ ਉਮਰ ਦੀਆਂ ਤੇ ਕੁੱਝ ਲਹਿੰਦੀ ਉਮਰ ਦੀਆਂ ਜਨਾਨੀਆਂ ਤੁਰੀਆਂ ਫਿਰਦੀਆਂ ਦੇਖਦੇ ਹੁੰਦੇ ਸੀ। ਸਾਡੇ ਮਾਲਕ ਨੇ ਸਾਨੂੰ ਦੱਸਿਆ ਸੀ ਪਈ ਇਹ ਔਰਤਾਂ ਸ਼ਿਕਾਰ ਦੀ ਭਾਲ਼ ਵਿੱਚ ਏਧਰ ਉਧਰ ਘੁੰਮਦੀਆਂ ਹਨ ਤੇ ਇਹ ਧੰਦਾ ਕਰਦੀਆਂ ਹਨ ਤੇ ਇਹਨਾਂ ਤੋਂ ਬੱਚਕੇ ਰਹਿਣਾ। ਕਈਆਂ ਨੂੰ ਏਡਜ਼ ਵਗੈਰਾ ਦੇ ਰੋਗ ਵੀ ਲੱਗੇ ਹੁੰਦੇ ਹਨ। ਅਸੀਂ ਉਹਨਾਂ ਨੂੰ ਹੈਲੋ ਹਾਇ ਕਰੀ ਰੱਖਣਾ। ਅਸੀਂ ਸਾਰੀਆਂ ਨੂੰ ਨਾਂ ਦੁਆਰਾ ਜਾਣਦੇ ਸੀ ਤੇ ਉਹਨਾਂ ਨੂੰ ਸਾਡੇ ਨਾਂ ਚੇਤੇ ਸਨ। ਕੋਈ ਸਾਲ ਕੁ-ਬਾਦ ਅਸੀਂ ਦੇਖਿਆ ਕਿ ਇੱਕ ਗੋਰਾ ਵੀ ਉਹਨਾਂ ਸੜਕਾਂ ਤੇ ਘੁੰਮਦਾ ਫ਼ਿਰਦਾ ਨਜ਼ਰ ਆਉਣਾ। ਉਹਨੇ ਹੌਲ਼ੀ ਹੌਲ਼ੀ ਸਾਡੇ ਨਾਲ ਦੋਸਤੀ ਪਾ ਲਈ ਤੇ ਦੁਪਹਿਰ ਨੂੰ ਜਦੋਂ ਰੈਸਟੋਰੈਂਟ ਬੰਦ ਹੋਣਾ ਦੋ ਘੰਟੇ ਲਈ ਤਾਂ ਉਹਨੇ ਸਾਡੇ ਕੋਲ਼ ਆ ਕੇ ਬੈਠੇ ਰਹਿਣਾ।
ਪੁੱਛਣ ਤੇ ਦੱਸਿਆ ਕਿ ਨਾਂ ਹੈ ਮੇਰਾ ਸ਼ਫੀਰੋ ਤੇ ਮੈਂ ਰਿਟਾਇਰਡ ਜੱਜ ਹਾਂ ਸੁਪਰੀਮ ਕੋਰਟ ਦਾ। ਸਾਨੂੰ ਕਿਤੇ ਕਿਤੇ ਉਹਨੇ ਕਾਰ ਵਿੱਚ ਘੁਮਾਉਣ ਲੈ ਜਾਣਾ। ਕਾਰ ਦਾ ਝੂਟਾ ਵੀ ਸਾਡੇ ਲਈ ਜਹਾਜ ਦੇ ਝੂਟੇ ਵਾਂਗ ਸੀ, ਕਿਉਂਕਿ ਕੋਲ ਕਾਰ ਤਾਂ ਹੈ ਨਹੀਂ ਸੀ। ਅਸੀਂ ਤਾਂ ਘੱਟ ਗਏ ਉਹਦੇ ਨਾਲ ਜਾਣ ਤੋਂ ਪਰ ਚਾਚੇ ਦਾ ਮੁੰਡਾ ਉਹਦੇ ਨਾਲ ਜਿਆਦਾ ਘੁੰਮਣ ਲੱਗ ਗਿਆ। ਛੁੱਟੀ ਵਾਲੇ ਦਿਨ ਇਹਨਾਂ ਮੱਛੀਆਂ ਫ਼ੜ ਲਿਆਉਣੀਆਂ ਤੇ ਅਸੀਂ ਰੈਸਟੋਰੈਂਟ ਵਿੱਚ ਭੁੰਨਕੇ ਖਾਣੀਆਂ। ਹੌਲੀ ਹੌਲੀ ਅਸੀਂ ਦੇਖਿਆ ਕਿ ਇਹਨਾਂ ਜਨਾਨੀਆਂ ਦੀ ਗਿਣਤੀ ਘੱਟਦੀ ਜਾ ਰਹੀ ਸੀ ਤੇ ਪੁਲਿਸ ਵਾਲੀਆਂ ਗੱਡੀਆਂ ਜਿਆਦਾ ਘੁੰਮਣ ਲੱਗ ਗਈਆਂ। ਉਹਨਾਂ 13 -14 ਜਨਾਨੀਆਂ ਵਿੱਚੋਂ ਦੋ -ਕ ਹੀ ਰਹਿ ਗਈਆਂ। ਅਸੀਂ ਸੋਚਿਆ ਪਈ ਪੁਲਿਸ ਦੀਆਂ ਕਾਰਾਂ ਜਿਆਦਾ ਘੁੰਮਦੀਆਂ ਹੋਣ ਕਰਕੇ ਸ਼ਾਇਦ ਡਰਦੀਆਂ ਅੱਡਾ ਛੱਡ ਗਈਆਂ ਹੋਣ। ਸ਼ਫੀਰੋ ਦਾ ਸਾਡੇ ਕੋਲ ਆਉਣਾ ਜਾਣਾ ਬੰਦ ਹੋ ਗਿਆ। ਅਸੀਂ ਵੀ ਸੋਚੀਏ ਪਈ ਉਹ ਕਿੱਥੇ ਚਲੇ ਗਿਆ ? ਇੱਕ ਦਿਨ ਦੋ ਪੁਲਸੀਏ ਰੈਸਟੋਰੈਂਟ ਆਏ ਤੇ ਸਾਨੂੰ ਪੁੱਛਣ ਲੱਗੇ ਪਈ ਤੁਹਾਨੂੰ ਸ਼ਫੀਰੋ ਬਾਰੇ ਕੋਈ ਜਾਣਕਾਰੀ ਹੈ ? ਕਿ ਉਹ ਕਿੱਥੇ ਆ ? ਅਸੀਂ ਕਿਹਾ ਨਹੀਂ ਪਰ ਉਹ ਚਾਚੇ ਦੇ ਮੁੰਡੇ ਨੂੰ ਥਾਣੇ ਲੈ ਗਏ। ਪੁਲਿਸ ਨੂੰ ਸ਼ੱਕ ਸੀ ਕਿ ਇਹ ਉਹਦੇ ਨਾਲ ਜਾਂਦਾ ਹੁੰਦਾ ਸੀ। ਥੋੜ੍ਹੀ ਬਹੁਤ ਪੁੱਛ ਗਿੱਛ ਤੋਂ ਬਾਅਦ ਉਹਨੂੰ ਛੱਡ ਦਿੱਤਾ। ਇੱਥੇ ਜੇ ਮੈਂ ਜਿਕਰ ਕਰਾਂ ਕਿ ਜੇ ਪੰਜਾਬ ਦੀ ਪੁਲਿਸ ਹੁੰਦੀ ਤਾਂ ਸਾਰਾ ਕੇਸ ਹੀ ਇਹਦੇ ਸਿਰ ਤੇ ਪਾ ਕੇ ਸਿਆਪਾ ਖ਼ਤਮ ਕਰ ਦੇਣਾ ਸੀ। ਆਪਣੀ ਬਣਦੀ ਜਿੰਮੇਵਾਰੀ ਤੋਂ ਮੂੰਹ ਵੱਟ ਲੈਣਾ ਸੀ। ਹੁਣ ਵੀ ਕਾਤਲ ਕੁਰਸੀਆਂ ਤੇ ਬੈਠੇ ਨੇ ਤੇ ਸਜ਼ਾਵਾਂ ਭੁਗਤ ਚੁੱਕੇ ਲੋਕ ਅਜੇ ਵੀ ਜੇਲ੍ਹ ਅੰਦਰ ਡੱਕੇ ਹੋਏ ਨੇ। ਦੋ ਦਿਨ ਬਾਦ ਹੀ ਸ਼ਫੀਰੋ ਦੀ ਖ਼ਬਰ ਟੈਲੀਵਿਜ਼ਨ ਤੇ ਅਖਬਾਰਾਂ ਵਿੱਚ ਆ ਗਈ ਕਿ 14 ਜਨਾਨੀਆਂ ਦਾ ਕਾਤਲ ਫੜਿਆ ਗਿਆ। ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਤੇ ਅਸੀਂ ਚਾਚੇ ਦੇ ਮੁੰਡੇ ਨੂੰ ਮਖ਼ੌਲ ਕਰੀਏ ਕਿ ਰੱਬ ਦੀ ਖ਼ੈਰ ਮਨਾ ਕਿ ਤੂੰ ਬੱਚ ਗਿਆ। ਅਦਾਲਤ ਦੇ ਵਿੱਚ ਸ਼ਫੀਰੋ ਨੇ ਬਿਆਨ ਦਿੱਤਾ ਕਿ ਮੇਰਾ ਇਕਲੌਤਾ ਬੇਟਾ ਇਹੋ ਜਿਹੀਆਂ ਕੁੜੀਆਂ ਦੀ ਚੁੰਗਲ ਵਿੱਚ ਫ਼ਸ ਗਿਆ ਸੀ। ਕੁੜੀ ਨੇ ਮੁੰਡੇ ਤੇ ਐਸਾ ਜਾਦੂ ਪਾਇਆ ਕਿ ਉਹ ਹਰਦਮ ਉਹਦਾ ਹੀ ਨਾਮ ਜਪਦਾ ਸੀ। ਪੈਸਾ ਖੁੱਲ੍ਹਾ ਸੀ, ਕਦੇ ਕਿਤੇ ਦੀ ਟਿਕਟ ਬਣਾ ਕੇ ਘੁੰਮਣ ਜਾਣਾ ਤੇ ਕਦੇ ਕਿਸੇ ਥਾਂ ਦੀ। ਪੂਰੀ ਅੱਯਾਸ਼ੀ ਕਰਦੀ ਸੀ।
ਹਰ ਰੋਜ਼ ਹੋਟਲਾਂ ਵਿੱਚ ਖਾਣਾ ਖਾਂਦੀ ਸੀ। ਉਹਨੂੰ ਏਡਜ਼ ਸੀ ਤੇ ਮੇਰੇ ਪੁੱਤਰ ਨੂੰ ਉਹਨੇ ਸੱਚ ਨਹੀਂ ਸੀ ਦੱਸਿਆ। ਕੁੱਝ ਸਮਾਂ ਪਾ ਕੇ ਉਹ ਮਰ ਗਈ ਤੇ ਫ਼ਿਰ ਮੇਰੇ ਮੁੰਡੇ ਦੀ ਵਾਰੀ ਆ ਗਈ। ਉਹਨੇ ਜਾਂਦੀ ਵਾਰੀ ਹੌਕੇ ਭਰ ਭਰ ਕੇ ਮੈਨੂੰ ਸਾਰੀ ਕਹਾਣੀ ਦੱਸੀ। ਮੇਰੀਆਂ ਭੁੱਬਾਂ ਨਿਕਲ ਗਈਆਂ ਉਹਦੀ ਗੱਲ ਸੁਣਕੇ। ਮੇਰੀ ਦੁਨੀਆ ਉੱਜੜ ਗਈ ਸੀ। ਕਹਿੰਦੇ ਨੇ ਦੁਨੀਆਂ ਵਿੱਚ ਸਭ ਤੋਂ ਵੱਡਾ ਬੋਝ ਹੁੰਦਾ ਹੈ ,ਪਿਉ ਦੇ ਮੋਢਿਆਂ ਤੇ ਪੁੱਤ ਦੀ ਅਰਥੀ। ਮੈਂ ਉਸੇ ਦਿਨ ਤੋਂ ਹੀ ਸਹੁੰ ਖਾ ਲਈ ਸੀ ਕਿ ਇਹੋ ਜਿਹੀਆਂ ਕੁੜੀਆਂ ਦਾ ਖ਼ਾਤਮਾ ਕਰਕੇ ਹੀ ਸਾਹ ਲਵਾਂਗਾ। ਮੈਂ ਨਹੀਂ ਸੀ ਚਾਹੁੰਦਾ ਕਿ ਜਿਸ ਤਰਾਂ ਅੱਜ ਮੈਂ ਆਪਣੇ ਪੁੱਤ ਦੇ ਵਿਛੋੜੇ ਵਿੱਚ ਤੜਫ਼ ਰਿਹਾ ਹਾਂ , ਕੋਈ ਹੋਰ ਤੜਫ਼ੇ। ਮੈਂ ਪੈਸਿਆਂ ਦਾ ਵੱਧ ਲਾਲਚ ਦੇ ਕੇ ਕੁੜੀਆਂ ਨੂੰ ਘਰ ਲੈ ਜਾਂਦਾ ਸੀ ਤੇ ਧੌਣ ਵੱਢਕੇ ਲਾਸ਼ ਘਰ ਦੇ ਵਿੱਚ ਦਫ਼ਨਾ ਦਿੰਦਾ ਸੀ। ਇਸ ਤਰਾਂ ਮੈਂ ਆਲੇ ਦੁਆਲਿਉਂ ਇਕੱਠੀਆਂ ਕਰਕੇ 14 ਕੁੜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੈਨੂੰ ਕੋਈ ਅਫਸੋਸ ਨਹੀਂ ਕਿ ਮੈਨੂੰ ਮੌਤ ਦੀ ਸਜ਼ਾ ਹੋਵਗੀ। ਹਰ ਰੋਜ਼ ਮਰ ਮਰ ਕੇ ਜਿਊਣ ਨਾਲੋਂ ਚੰਗਾ ਇੱਕ ਦਿਨ ਮਰ ਜਾਵਾਂ। ਅਦਾਲਤ ਵਲੋਂ ਮੌਤ ਦੀ ਸਜ਼ਾ ਹੋਈ ਪਰ ਇੱਥੇ ਇਹ ਚੰਗਾ ਕਿ ਸਾਲਾਂ ਭਰ ਜੇਲ੍ਹ ਵਿੱਚ ਸੜ ਮਰਨ ਨਾਲੋਂ ਛੇਤੀ ਹੀ ਬੰਦੇ ਨੂੰ ਖਤਮ ਕਰ ਦਿੰਦੇ ਨੇ। ਜਿਵੇਂ ਸਾਡੇ ਭਾਰਤ ਮਹਾਨ ਵਿੱਚ ਮੌਤ ਦੀ ਸਜ਼ਾ ਤੋਂ ਬਾਦ ਵੀ ਕਿੰਨੀ ਦੇਰ ਤੜਫਾਇਆ ਜਾਂਦਾ ਹੈ। ਜਦੋਂ ਕਿਸੇ ਬੰਦੇ ਨੂੰ ਮਾਰਨਾ ਹੀ ਹੈ ਤਾਂ ਉਸੇ ਵੇਲੇ ਮਾਰ ਦਿਉ। ਵੈਸੇ ਭਾਰਤ ਵਿੱਚ ਤਾਂ ਕਾਨੂੰਨ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਇੱਥੇ ਮਰਨ ਵਾਲੇ ਨੂੰ ਕੁਰਸੀ ਤੇ ਬਿਠਾ ਕੇ ਕਿਹਾ ਜਾਂਦਾ ਹੈ ਕਿ ਤੈਨੂੰ ਇੱਕ ਟੀਕਾ ਲਾਵਾਂਗੇ ਤੇ ਤੈਨੂੰ ਕੋਈ ਦਰਦ ਨਹੀਂ ਹੋਵੇਗਾ ਤੇ ਤੂੰ ਮਿੱਠੀ ਨੀਂਦ ਸੌਂ ਜਾਵੇਂਗਾ। ਇਹੀ ਕੁੱਝ ਹੋਇਆ ਵਿਚਾਰੇ ਸ਼ਫੀਰੋ ਨਾਲ ਵੀ। ਸੋ ਦੋਸਤੋ ਇੱਕ ਰਿਟਾਇਰਡ ਜੱਜ ਨੂੰ ਇੰਨੇ ਕਤਲ ਕਰਨ ਤੇ ਕਿਹਨੇ ਮਜਬੂਰ ਕੀਤਾ ? ਬੱਸ ਹਾਲਾਤਾਂ ਨੇ, ਹਾਲਾਤ ਹੀ ਬੰਦੇ ਨੂੰ ਹਰ ਕਿਸਮ ਦੇ ਜੁਰਮ ਕਰਨ ਲਈ ਮਜਬੂਰ ਕਰ ਦਿੰਦੇ ਨੇ! ਨਹੀਂ ਤਾਂ ਇਸ ਦੁਨੀਆ ਤੋਂ ਜਾਣ ਲਈ ਕਿਸੇ ਦਾ ਦਿਲ ਨਹੀਂ ਕਰਦਾ!
ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)
+17169083631