ਮਾਲੇਰਕੋਟਲਾ : ਜ਼ਿਲ੍ਹੇ ਦੇ ਪਿੰਡ ਚੱਕ ਸੇਖੂਪੁਰ ਕਲਾਂ ਵਿਖੇ ਕੌੌਮੀ ਯੋਧਾ ਦੀਪ ਸਿੱਧੂ ਦੀ ਨਿੱਘੀ ਯਾਦ ਵਿੱਚ ਉਨ੍ਹਾਂ ਦੇ ਜਨਮ ਦਿਨ 'ਤੇ ਸਮੂਹਿਕ ਵਿਆਹ ਸਮਾਗਮ ਦਾ ਆਯੋਜਨ ਕਰਕੇ 11 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਰਪੰਚ ਧਰਮਿੰਦਰ ਸਿੰਘ ਦੀ ਅਗਵਾਈ ਅਧੀਨ ਕਰਵਾਏ ਗਏ | ਇਸ ਸਮੂਹਿਕ ਵਿਆਹ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਮੁੱਖ ਮਹਿਮਾਨ ਸ. ਮਾਨ ਨੇ ਨਵ ਵਿਆਹੇ ਜੋੜਿਆਂ ਨੂੰ ਖੁਸ਼ਹਾਲ ਜੀਵਨ ਦਾ ਆਸ਼ੀਰਵਾਦ ਦਿੱਤਾ ਅਤੇ ਦੀਪ ਸਿੰਘ ਸਿੱਧੂ ਦੀ ਸੋਚ 'ਤੇ ਪਹਿਰਾ ਦੇਣ ਵਾਲੇ ਨੌਜਵਾਨਾਂ ਦੀ ਸ਼ਲਾਘਾ ਕੀਤੀ | ਸ. ਮਾਨ ਨੇ ਕਿਹਾ ਕਿ ਦੇਸ਼, ਕੌਮ ਲਈ ਕੁਰਬਾਨ ਹੋਣ ਵਾਲੇ ਯੋਧਿਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਸਾਨੂੰ ਰਲ ਮਿਲ ਕੇ ਉਨ੍ਹਾਂ ਦੇ ਦਿਨ ਮਨਾਉਣੇ ਚਾਹੀਦੇ ਹਨ | ਕੌਮ ਦੇ ਯੋਧਿਆਂ ਦੇ ਜਨਮ ਅਤੇ ਸ਼ਹੀਦੀ ਦਿਹਾੜਿਆਂ ਉੱਪਰ ਜੇਕਰ ਇਹੋ ਜਿਹੇ ਮਨੁੱਖਤਾ ਦੀ ਭਲਾਈ ਦੇ ਕਾਰਜ ਕੀਤੇ ਜਾਣ ਤਾਂ ਉਹ ਵੀ ਵਧੀਆ ਹੈ | ਇਸ ਨੇਕ ਕੰਮ ਲਈ ਸਰਪੰਚ ਧਰਮਿੰਦਰ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ | ਇਸ ਮੌਕੇ ਸਾਰੀਆਂ ਲੜਕੀਆਂ ਨੂੰ ਘਰੇਲੂ ਜਰੂਰਤ ਦਾ ਸਾਮਾਨ ਵੀ ਦਿੱਤਾ ਗਿਆ | ਸ. ਮਾਨ ਨੇ ਭਾਜਪਾ-ਆਰਐਸਐਸ ਦੀ ਘੱਟ ਗਿਣਤੀਆਂ ਖਾਸ ਕਰਕੇ ਸਿੱਖ ਵਿਰੋਧੀ ਰਣਨੀਤੀ ਤੋਂ ਜਾਣੂ ਕਰਵਾਉਂਦੇ ਹੋਏ ਵੋਟ ਦਾ ਇਸਤੇਮਾਲ ਸੋਚ ਸਮਝ ਕੇ ਕਰਨ ਦੀ ਅਪੀਲ ਵੀ ਕੀਤੀ | ਸਰਪੰਚ ਧਰਮਿੰਦਰ ਸਿੰਘ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ | ਇਸ ਮੌਕੇ ਬਾਬਾ ਬਖਸ਼ੀਸ਼ ਸਿੰਘ, ਬਾਬਾ ਹੇੜੀਕੇ, ਬਾਬਾ ਮਨਪ੍ਰੀਤ ਸਿੰਘ, ਚਮਕੌਰ ਸਿੰਘ ਚੱਕ, ਹਰਦੇਵ ਸਿੰਘ ਪੱਪੂ ਕਲਿਆਣ, ਮਾਸਟਰ ਕਰਨੈਲ ਸਿੰਘ ਨਾਰੀਕੇ, ਬਿੱਟੂ ਚੌਹਾਨ, ਹਰਜੀਤ ਸਿੰਘ ਸੰਜੂਮਾਂ, ਬਿੱਕਰ ਸਿੰਘ ਧਨੋਅ, ਤਰਕਸ਼ਦੀਪ ਸਿੰਘ, ਪਲਵਿੰਦਰ ਸਿੰਘ ਤਲਵਾੜਾ, ਹਰਬੰਸ ਸਿੰਘ ਸਲੇਮਪੁਰ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਬਹਾਦਰ ਸਿੰਘ ਭਸੌੜ, ਸ਼ਹਿਬਾਜ ਸਿੰਘ ਡਸਕਾ, ਗੁਰਜੰਟ ਸਿੰਘ ਕੱਟੂ, ਗੁਰਪ੍ਰੀਤ ਸਿੰਘ ਖੁੱਡੀ, ਓਕਾਂਰ ਸਿੰਘ ਭਦੌੜ, ਉਪਿੰਦਰਪ੍ਰਤਾਪ ਸਿੰਘ, ਹਰਦੀਪ ਸਿੰਘ ਯੂਥ ਪ੍ਰਧਾਨ ਤੋਂ ਇਲਾਵਾ ਮਾਲੇਰਕੋਟਲਾ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਹਾਜਰ ਸੀ |