ਮਾਲੇਰਕੋਟਲਾ : ਲੋਕ ਸਭਾ ਚੋਣਾਂ - 2024 ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਲਾਗੂ ਆਦਰਸ਼ ਚੋਣ ਜਾਬਤੇ ਦੀ ਪਾਲਣਾ ਨੂੰ ਹਰ ਹਾਲ ’ਚ ਯਕੀਨੀ ਬਣਾਇਆ ਜਾਵੇ। ਇਹ ਪ੍ਰਗਟਾਵਾ ਉਪ ਮੰਡਲ ਮੈਜਿਸਟੇਰਟ - ਕਮ - ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਸ੍ਰੀਮਤੀ ਅਪਰਨਾ ਐਮ.ਬੀ ਨੇ ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ ਦੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ ਕਰਦਿਆ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਤੋ ਜਾਫ਼ਰ ਅਲੀ, ਸ੍ਰੋਮਣੀ ਅਕਾਲੀ ਦਲ(ਬ) ਤੋਂ ਮੁਹੰਮਦ ਸ਼ਫੀਕ ਚੌਹਾਨ, ਮੁਹੰਮਦ ਬਸ਼ੀਰ ਰਾਣਾ ਸੀ.ਪੀ.ਆਈ ਤੋਂ ਸ੍ਰੀ ਅਮਨਦੀਪ ਸਿੰਘ, ਸ੍ਰੋਮਣੀ ਅਕਲੀ ਦਲ (ਅ) ਸ੍ਰੀ ਬਲਜਿੰਦਰ ਸਿੰਘ ਲਸੋਈ, ਇੰਡੀਅਨ ਯੂਨੀਅਨ ਮੁਸਲਿਮ ਲੀਗ ਪੰਜਾਬ ਮਹਿਮੂਦ ਅਹਿਮਦ ਥਿੰਦ, ਸ੍ਰੀ ਭਰਪੂਰ ਸਿੰਘ ਬੂਲਾਪੁਰ, ਸ੍ਰੀ ਪਰਸ਼ਦ ਸਿੰਘ ਤੋਂ ਇਲਾਵਾ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ ।ਇਸ ਮੌਕੇ ਉਪ ਮੰਡਲ ਮੈਜਿਸਟੇਰਟ-ਕਮ- ਸਹਾਇਕ ਰਿਟਰਨਿੰਗ ਅਫ਼ਸਰ ਨੇ ਆਦਰਸ ਚੋਣ ਜਾਬਤੇ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਲੋਕ ਸਭਾ ਚੋਣਾ ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਸਪਸ਼ੱਟ ਹਦਾਇਤਾਂ ਹਨ ਕਿ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਉਸ ਦਾ ਨੁਮਾਇੰਦਾ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜ਼ੋਰ ਦਿੰਦਿਆਂ ਕਿਹਾ ਕਿ ਆਦਰਸ਼ ਚੋਣ ਜਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਰਾਜਨੀਤਿਕ ਪਾਰਟੀ/ ਉਮੀਦਵਾਰ ਜਾਂ ਵਰਕਰ ਕਿਸੇ ਵਿਅਕਤੀ ਦੀ ਆਗਿਆ ਬਿਨਾਂ ਉਸ ਦੀ ਜ਼ਮੀਨ, ਇਮਾਰਤ ਜਾਂ ਕੰਧ ਉਤੇ ਝੰਡੇ, ਬੈਨਰ, ਨੋਟਿਸ, ਨਾਹਰੇ ਆਦਿ ਨਾ ਲਗਾਉਣ/ਚਿਪਕਾਉਣ।ਉਨ੍ਹਾਂ ਹੋਰ ਕਿਹਾ ਕਿ ਕੋਈ ਵੀ ਪਾਰਟੀ ਆਪਣਾ ਚੋਣ ਪ੍ਰਚਾਰ ਕਿਸੇ ਵੀ ਧਾਰਮਿਕ ਸਥਾਨ, ਸਕੂਲ ਜਾਂ ਕਾਲਜ ਦੇ ਅੰਦਰ ਨਾ ਕਰੇ। ਸਰਕਾਰੀ ਗੱਡੀ ਦਾ ਇਸਤੇਮਾਲ ਚੋਣ ਪ੍ਰਚਾਰ ਲਈ ਨਾ ਕੀਤਾ ਜਾਵੇ । ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਦੌਰਾਨ ਕੀਤੀਆਂ ਜਾਣ ਵਾਲੀਆਂ ਰੈਲੀਆਂ ,ਜਲਸੇ, ਲਾਊਂਡ ਸਪੀਕਰ ਵਾਲੀਆਂ ਗੱਡੀਆਂ ਆਦਿ ਦੀ ਪਹਿਲਾਂ ਹੀ ਮਨਜੂਰੀ ਲੈਣ ਨੂੰ ਯਕੀਨੀ ਬਣਾਉਣ । ਉਨ੍ਹਾਂ ਹਦਾਇਤ ਕੀਤੀ ਕਿ ਲਾਊਂਡ ਸਪੀਕਰ ਰਾਹੀਂ ਪ੍ਰਚਾਰ ਕਰਨ ਵਾਲੀਆਂ ਗੱਡੀਆਂ ਦੀ ਮਨਜ਼ੂਰੀ ਅਤੇ ਲਾਊਂਡ ਸਪੀਕਰ ਲਈ ਜਾਣ ਵਾਲੀ ਪ੍ਰਵਾਨਗੀ ਦੀ ਅਸਲ ਕਾਪੀ ਵਹੀਕਲ ਦੇ ਸ਼ੀਸੇ ਤੇ ਚਸਪਾ ਕੀਤੀ ਜਾਵੇ। ਉਨ੍ਹਾਂ ਹੋਰ ਕਿਹਾ ਕਿ ਚੋਣ ਪ੍ਰਚਾਰ ਲਈ ਪ੍ਰਿਟਿੰਗ ਪ੍ਰੈੱਸਾਂ ਤੋਂ ਤਿਆਰ ਕਰਵਾਈ ਜਾਣ ਵਾਲੀ ਚੋਣ ਸਮੱਗਰੀ ਜਿਵੇਂ ਕਿ ਪੋਸਟਰ, ਬੈਨਰ, ਹੋਰਡਿੰਗ ਆਦਿ ਉੱਪਰ ਉਸ ਪ੍ਰੈੱਸ ਦਾ ਨਾਮ, ਤਿਆਰ ਕੀਤੀ ਜਾਣ ਵਾਲੀ ਚੋਣ ਸਮੱਗਰੀ ਦੀ ਗਿਣਤੀ ਅਤੇ ਉਸ ਦੇ ਰੇਟ ਦੇ ਵੇਰਵੇ ਵੀ ਦਰਜ ਕਰਵਾਏ ਜਾਣ ਅਤੇ ਹਰ ਰਾਜਨੀਤਿਕ ਪਾਰਟੀ ਵੱਲੋਂ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਖਰਚੇ ਨੂੰ ਇਸ ਦਫਤਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਖਰਚਾ ਰਜਿਸਟਰ ਵਿੱਚ ਦਰਜ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਡਿਜੀਟਲ ਐਪਲੀਕੇਸ਼ਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਸੀ-ਵਿਜ਼ਿਲ ਐਪ ਬਾਰੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਇਸ ਐਪ ਦੀ ਵਰਤੋਂ ਕਰਕੇ ਲੋਕ ਸਭਾ ਚੋਣਾਂ ਵਿਚ ਵੋਟਿੰਗ ਪ੍ਰਕਿਰਿਆ ਜਾਂ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਬਾਰੇ ਫ਼ੋਟੋ/ਵੀਡੀਓ ਸਿੱਧੇ ਤੌਰ ’ਤੇ ਕਮਿਸ਼ਨ ਪਾਸ ਭੇਜੀ ਜਾ ਸਕਦੀ ਹੈ। ਇਸ ਐਪ 'ਤੇ ਪ੍ਰਾਪਤ ਹੁੰਦੀ ਸ਼ਿਕਾਇਤ 'ਤੇ 100 ਮਿੰਟ ਦੇ ਅੰਦਰ-ਅੰਦਰ ਹੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਸਬੰਧਿਤ ਸ਼ਿਕਾਇਤਕਰਤਾ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੇ ਵੋਟਰ ਹੈਲਪ ਲਾਈਨ ਨੰਬਰ 1950 , ਕੰਟਰੋਲ ਰੂਮ ਦੇ ਨੰਬਰ 01675-253025 ਜਾ ਜ਼ਿਲ੍ਹਾਂ ਪੱਧਰੀ ਕੰਟਰੋਲ ਰੂਮ 01675-299493 ਉੱਤੇ ਵੀ ਸ਼ਿਕਾਇਤ ਜਾਂ ਵੋਟਾਂ ਸਬੰਧੀ ਕਿਸੇ ਜਾਣਕਾਰੀ ਜਾਂ ਸਹਾਇਤਾ ਲਈ ਸੰਪਰਕ ਕੀਤਾ ਜਾ ਸਕਦਾ ਹੈ।