ਫਤਹਿਗੜ੍ਹ ਸਾਹਿਬ : ਜਿਲ੍ਹਾ ਮੈਜਿਸਟਰੇਟ ਸ੍ਰੀਮਤੀ ਪਰਨੀਤ ਸੇਰਗਿੱਲ ਨੇ ਫੌਜਦਾਰੀ ਜਾਬਤਾ ਸੰਘਤਾ 1973(2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਸ਼ਾਮ 07.00 ਵਜੇ ਤੋਂ ਲੈ ਕੇ ਸਵੇਰੇ 06.00 ਵਜੇ ਤੱਕ ਕੰਬਾਇਨਾਂ ਨਾਲ ਕਣਕ ਦੀ ਕਟਾਈ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਦਾ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਾਲ 2024 ਦੌਰਾਨ ਕਣਕ (ਹਾੜੀ) ਦੀ ਫਸਲ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਹ ਆਮ ਵੇਖਣ ਵਿੱਚ ਆਇਆ ਹੈ ਕਿ ਕਈ ਵਾਰ ਕਣਕ ਕੱਟਣ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ। ਇਹ ਕੰਬਾਇਨਾਂ ਰਾਤ ਵੇਲੇ ਸਿੱਲ੍ਹੀ ਅਤੇ ਨਮ ਕਣਕ ਕੱਟ ਦਿੰਦੀਆਂ ਹਨ। ਜਿਸ ਨਾਲ ਨਮੀ ਵਾਲੀ ਕਣਕ ਦੀ ਮਿਕਦਾਰ ਬਹੁਤ ਜਿਆਦਾ ਹੋ ਜਾਂਦੀ ਹੈ। ਜਦੋਂ ਇਹ ਸਿੱਲੀ ਕਣਕ ਮੰਡੀਆਂ ਵਿੱਚ ਵਿਕਣ ਲਈ ਲਿਆਂਦੀ ਜਾਂਦੀ ਹੈ ਤਾਂ ਨਮੀ ਪ੍ਰਵਾਨਿਤ ਹੱਦ ਨਾਲੋਂ ਜਿਆਦਾ ਹੋਣ ਕਾਰਨ ਖਰੀਦ ਏਜੰਸੀਆਂ ਖਰੀਦ ਕਰਨ ਤੋਂ ਇਨਕਾਰ ਕਰ ਦਿੰਦੀਆਂ ਹਨ। ਸਿੱਟੇ ਵਜੋਂ ਮੰਡੀਆਂ ਵਿੱਚ ਅਣਵਿਕੀ ਕਣਕ ਦੇ ਅੰਬਾਰ ਜਮ੍ਹਾਂ ਹੋ ਜਾਂਦੇ ਹਨ। ਕਣਕ ਸਮੇਂ ਸਿਰ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ। ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੁੰਦਾ ਹੈ। ਇਸ ਲਈ ਜਿਲ੍ਹੇ ਅੰਦਰ ਸ਼ਾਮ 07.00 ਵਜੇ ਤੋਂ ਲੈ ਕੇ ਸਵੇਰੇ 06.00 ਵਜੇ ਤੱਕ ਕੰਬਾਇਨਾਂ ਨਾਲ ਕਣਕ ਦੀ ਕਟਾਈ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ। ਇਹ ਹੁਕਮ 31 ਮਈ 2024 ਤੱਕ ਲਾਗੂ ਰਹਿਣਗੇ।