ਪਟਿਆਲਾ : ਕੰਬੋਡੀਆ ਸਿਵਲ ਸੇਵਾ ਦੇ ਅਧਿਕਾਰੀਆਂ ਦੇ 39 ਮੈਂਬਰੀ ਇੱਕ ਉਚ ਪੱਧਰੀ ਵਫ਼ਦ ਨੇ ਅੱਜ ਪਟਿਆਲਾ ਦਾ ਦੌਰਾ ਕਰਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਉਸਾਰੂ ਵਿਚਾਰ ਵਟਾਂਦਰਾ ਕੀਤਾ। ਕੰਬੋਡੀਆ ਦੇ ਇਹ ਅਧਿਕਾਰੀ, ਕੰਬੋਡੀਆ ਦੇ ਕੈਬਨਿਟ ਡਿਪਟੀ ਡਾਇਰੈਕਟਰ ਐਂਗ ਮੋਨੀਰਿਥ ਦੀ ਅਗਵਾਈ ਵਿੱਚ, ਭਾਰਤ ਸਰਕਾਰ ਦੇ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ, ਐਲ.ਬੀ.ਐਸ.ਐਨ.ਐਨ.ਏ., ਮਸੂਰੀ ਤੇ ਨਵੀਂ ਦਿੱਲੀ ਵਿਖੇ ਚੌਥੇ ਪਬਲਿਕ ਪਾਲਿਸੀ ਅਤੇ ਗਵਰਨੈਂਸ ਬਾਰੇ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਭਾਰਤ ਪੁੱਜੇ ਹੋਏ ਹਨ।
ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਤਰਫੋਂ ਵਫ਼ਦ ਦਾ ਨਿੱਘਾ ਸੁਆਗਤ ਕਰਦਿਆਂ ਸ਼ਾਸਨ ਅਭਿਆਸਾਂ ਨੂੰ ਵਧਾਉਣ ਲਈ ਅਜਿਹੇ ਅੰਤਰ-ਸੱਭਿਆਚਾਰਕ ਰੁਝੇਵਿਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ।ਡੇਚਲਵਾਲ ਦਾ ਕਹਿਣਾ ਸੀ ਕਿ ਕਿਸੇ ਦੂਜੇ ਦੇਸ਼ ਦੇ ਅਧਿਕਾਰੀਆਂ ਦਾ ਇਹ ਮਹੱਤਵਪੂਰਨ ਦੌਰਾ ਜਨਤਕ ਸੇਵਾ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਅਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ ਕਰਦਾ ਹੈ।ਉਨ੍ਹਾਂ ਨੇ ਐਨ.ਸੀ.ਜੀ.ਜੀ. ਦੇ ਕੋਆਰਡੀਨੇਟਰ ਡਾਇਰੈਕਟਰ ਡਾ. ਬੀ.ਐਸ. ਬਿਸ਼ਟ ਅਤੇ ਕੰਬੋਡੀਆ ਦੇ ਅਧਿਕਾਰੀਆਂ ਵੱਲੋਂ ਆਪਣੇ ਇਸ ਦੌਰੇ ਲਈ ਪਟਿਆਲਾ ਦੀ ਚੋਣ ਕਰਨ ਵਾਸਤੇ ਵਿਸ਼ੇਸ਼ ਧੰਨਵਾਦ ਕੀਤਾ।
ਐਨਸੀਜੀਜੀ ਦੇ ਕੋਆਰਡੀਨੇਟਰ ਡਾਇਰੈਕਟਰ ਡਾ. ਬੀ.ਐਸ. ਬਿਸ਼ਟ ਨੇ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ, ਵਿਸ਼ੇਸ਼ ਤੌਰ 'ਤੇ ਕੰਬੋਡੀਆ ਦੇ ਸਿਵਲ ਅਧਿਕਾਰੀਆਂ ਲਈ ਤਿਆਰ ਕੀਤਾ ਗਿਆ ਹੈ, ਇਸ ਦਾ ਉਦੇਸ਼ ਇਨ੍ਹਾਂ ਅਧਿਕਾਰੀਆਂ ਨੂੰ ਜਨਤਕ ਨੀਤੀ ਬਣਾਉਣ ਅਤੇ ਸ਼ਾਸਨ ਦੀਆਂ ਰਣਨੀਤੀਆਂ ਵਿੱਚ ਭਵਿੱਖ ਮੁਖੀ ਬਿਹਤਰ ਸੂਝ-ਬੂਝ ਅਤੇ ਵਧੀਆ ਅਭਿਆਸਾਂ ਨਾਲ ਲੈਸ ਕਰਨਾ ਹੈ।
ਇਸ ਮੌਕੇ ਡੈਲੀਗੇਟ ਮੁਖੀ, ਐਂਗ ਮੋਨੀਰਿਥ ਅਤੇ ਸ਼੍ਰੀਮਤੀ ਚੈਨਕੌਲਿਕਾ ਬੋ, ਡਾਇਰੈਕਟਰ ਫੋਨਮ ਪੇਨ ਨੇ ਨਿੱਘੇ ਸੁਆਗਤ ਲਈ ਪਟਿਆਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਸ਼ਾਸਕੀ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਦੁਵੱਲੇ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ।ਉਨ੍ਹਾਂ ਕਿਹਾ ਕਿ ਇਸ ਇੰਟਰਐਕਟਿਵ ਸੈਸ਼ਨ, ਵਰਕਸ਼ਾਪ ਤੇ ਸਿੱਖਣ ਦੇ ਤਜ਼ਰਬਿਆਂ ਦੁਆਰਾ, ਉਨ੍ਹਾਂ ਦੇ ਡੈਲੀਗੇਟਾਂ ਨੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਵਿੱਚ ਸ਼ਾਮਲ ਪੇਚੀਦਗੀਆਂ ਦੀ ਡੂੰਘੀ ਸਮਝ ਹਾਸਲ ਕੀਤੀ ਹੈ, ਜਿਸ ਨਾਲ ਉਨ੍ਹਾਂ ਦੇ ਲਈ ਕੰਬੋਡੀਆ ਵਿੱਚ ਬਿਹਤਰ ਨਾਗਰਿਕ ਸੇਵਾ ਪ੍ਰਦਾਨ ਕਰਨ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਲਈ ਰਾਹ ਪੱਧਰਾ ਹੋਇਆ ਹੈ।
ਇਸ ਦੌਰਾਨ ਏ.ਡੀ.ਸੀ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਢਾਂਚੇ ਬਾਰੇ ਪੇਸ਼ਕਾਰੀ ਦਿੱਤੀ।ਏਡੀਸੀ (ਯੂਡੀ) ਨਵਰੀਤ ਕੌਰ ਸੇਖੋਂ ਨੇ ਜ਼ਿਲ੍ਹਾ ਪਟਿਆਲਾ ਬਾਰੇ ਪੀ.ਪੀ.ਟੀ. ਪੇਸ਼ ਕੀਤੀ ਤੇ ਡੀ.ਐਸ.ਪੀ.(ਐਚ) ਸੁਖਦੇਵ ਸਿੰਘ ਨੇ ਐਸ.ਐਸ.ਪੀ. ਵਰੁਣ ਸ਼ਰਮਾ ਵੱਲੋਂ ਸਵਾਗਤ ਕਰਦਿਆਂ ਪੁਲਿਸ ਵਿਭਾਗ ਦੇ ਢਾਂਚੇ ਬਾਰੇ ਦੱਸਿਆ।ਏ.ਡੀ.ਸੀ. (ਜਨਰਲ) ਮੈਡਮ ਕੰਚਨ ਨੇ ਡੈਲੀਗੇਸ਼ਨ ਮੈਂਬਰਾਂ ਦਾ ਪਟਿਆਲਾ ਪੁੱਜਣ ਲਈ ਧੰਨਵਾਦ ਕੀਤਾ। ਵਫ਼ਦ ਦੇ ਕੁਝ ਮੈਂਬਰਾਂ ਨੇ ਭਾਰਤ ਵਿੱਚ ਸਿਵਲ ਅਧਿਕਾਰੀਆਂ ਦੀ ਭਰਤੀ, ਮਹਿਲਾ ਸਸ਼ਕਤੀਕਰਨ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਿੱਚ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਾਰੇ ਸਵਾਲ ਪੁੱਛੇ।ਜਿਨ੍ਹਾਂ ਦੇ ਉਤਰ ਅਦਿਤਿਆ ਡੇਚਲਵਾਲ ਅਤੇ ਹੋਰ ਅਧਿਕਾਰੀਆਂ ਵੱਲੋਂ ਦਿੱਤੇ ਗਏ। ਨਗਰ ਨਿਗਮ ਕਮਿਸ਼ਨਰ ਨੇ ਕੰਬੋਡੀਆ ਦੇ ਸਿਵਲ ਸੇਵਾਵਾਂ ਢਾਂਚੇ ਬਾਰੇ ਸਵਾਲ ਕੀਤੇ ਜਿਸ ਦਾ ਜਵਾਬ ਕੰਬੋਡੀਆ ਦੇ ਮਿਸਟਰ ਕਾਂਗ ਸੋਫਨਾ ਨੇ ਦਿੱਤਾ। ਵਫ਼ਦ ਦੇ ਮੈਂਬਰਾਂ ਨੇ ਪਟਿਆਲਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਮੇਜ਼ਬਾਨੀ ਤੋਂ ਖੁਸ਼ ਹੁੰਦਿਆਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕੰਬੋਡੀਆ ਵਿੱਚ ਸ਼ਾਸਨ ਦੇ ਦ੍ਰਿਸ਼ਟੀਕੋਣ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਲਈ ਆਪਣੀ ਫੇਰੀ ਦੌਰਾਨ ਪ੍ਰਾਪਤ ਕੀਤੇ ਗਿਆਨ ਦਾ ਲਾਭ ਉਠਾਉਣਗੇ। ਇਸ ਦੁੱਵਲੇ ਵਿਚਾਰ ਵਟਾਂਦਰੇ ਮਗਰੋਂ ਵਫ਼ਦ ਨੇ ਐਨਆਈਐਸ ਪਟਿਆਲਾ ਦਾ ਦੌਰਾ ਕੀਤਾ ਅਤੇ ਕਾਰਜਕਾਰੀ ਡਾਇਰੈਕਟਰ ਵਿਨੀਤ ਕੁਮਾਰ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੇਸ਼ ਦੇ ਖਿਡਾਰੀਆਂ ਲਈ ਪ੍ਰਦਾਨ ਕੀਤੀ ਜਾ ਰਹੀ ਸਿਖਲਾਈ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ ਅਰਵਿੰਦ ਕੁਮਾਰ, ਮਨਜੀਤ ਕੌਰ, ਤਰਸੇਮ ਚੰਦ, ਰਵਿੰਦਰ ਸਿੰਘ, ਰਿਚਾ ਗੋਇਲ, ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਸਮੇਤ ਹੋਰ ਜ਼ਿਲ੍ਹਾ ਅਧਿਕਾਰੀਆਂ ਨੇ ਭਾਗ ਲਿਆ। ਮੰਚ ਸੰਚਾਲਨ ਡਾ. ਪੰਕਜ ਕਪੂਰ ਨੇ ਕੀਤਾ।ਸਮੂਹ ਅਧਿਕਾਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ਉਤੇ ਸਨਮਾਨਤ ਵੀ ਕੀਤਾ ਗਿਆ।