ਸੁਨਾਮ : ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਬੁਲੇਟ ਮੋਟਰਸਾਈਕਲਾਂ ਤੇ ਬਜ਼ਾਰਾਂ ਅਤੇ ਗਲ਼ੀ ਮੁਹੱਲਿਆਂ ਵਿੱਚ ਪਟਾਕੇ ਪਾਉਣ ਤੇ ਟ੍ਰੈਫਿਕ ਪੁਲਿਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸੁਨਾਮ ਵਿਖੇ ਤਾਇਨਾਤ ਟਰੈਫਿਕ ਪੁਲਿਸ ਦੇ ਇੰਚਾਰਜ਼ ਸਹਾਇਕ ਥਾਣੇਦਾਰ ਦੀਪਕ ਕੁਮਾਰ ਪਾਠਕ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ ਵੱਖ ਚੌਂਕਾ ਅਤੇ ਬਾਜ਼ਾਰਾਂ ਅੰਦਰ ਨਾਕੇਬੰਦੀ ਕਰਕੇ ਪਟਾਕੇ ਪਾਉਣ ਵਾਲੇ ਬੁਲੇਟ ਮੋਟਰਸਾਈਕਲਾਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਮੋਟਰਸਾਈਕਲ ਚਾਲਕਾਂ ਨੂੰ ਮੌਡੀਫਾਈ ਕੀਤੇ ਸਾਈਲੈਂਸਰ ਉਤਰਵਾਉਣ ਦੀ ਹਦਾਇਤ ਕੀਤੀ ਜਾ ਰਹੀ ਹੈ। ਟਰੈਫਿਕ ਇੰਚਾਰਜ ਸਹਾਇਕ ਥਾਣੇਦਾਰ ਦੀਪਕ ਕੁਮਾਰ ਪਾਠਕ ਨੇ ਕਿਹਾ ਕਿ ਬੁਲੇਟ ਮੋਟਰਸਾਈਕਲਾਂ ਤੇ ਪਟਾਕੇ ਪਾਉਣ ਨਾਲ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਇਸ ਲਈ ਨਾਕਾਬੰਦੀ ਕਰਕੇ ਬੁਲੇਟ ਮੋਟਰਸਾਈਕਲਾਂ ਦੇ ਮੌਡੀਫਾਈ ਕੀਤੇ ਸਾਈਂ ਲੈਂਸਰ ਉਤਰਵਾਏ ਜਾ ਰਹੇ ਹਨ ਅਤੇ ਟਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੁਲੇਟ ਮੋਟਰਸਾਈਕਲਾਂ ਤੇ ਮੌਡੀਫਾਈ ਲੱਗੇ ਉਤਰਵਾਏ ਗਏ ਸਾਈਂਲੈਂਸਰਾਂ ਨੂੰ ਇਕੱਠਿਆਂ ਨਸ਼ਟ ਕਰ ਦਿੱਤਾ ਜਾਵੇਗਾ। ਉਨ੍ਹਾਂ ਵਾਹਨ ਚਾਲਕਾਂ ਦੇ ਮਾਪਿਆਂ ਨੂੰ ਤਾਕੀਦ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਾਹਨ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੇ ਪਾਲਣ ਕਰਨ ਨੂੰ ਯਕੀਨੀ ਬਣਾਉਣ ਲਈ ਕਹਿਣ। ਇਸ ਮੌਕੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਮੰਗਵਾਲ, ਮਲਕੀਤ ਸਿੰਘ, ਹੌਲਦਾਰ ਗੁਰਜੀਤ ਸਿੰਘ ਰਾਜੂ ਸਮੇਤ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।