ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵੱਲੋਂ ਕਰਵਾਏ ਜਾ ਰਹੇ 'ਬਿਜ਼ ਬਅਸਟ' ਨਾਮਕ ਵਿਦਿਆਰਥੀ ਮੇਲੇ ਦੀ ਸ਼ੁਰੂਆਤ ਹੋ ਗਈ ਹੈ। ਇਸ ਮੇਲੇ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਰਜਿਸਟਰਾਰ ਪ੍ਰੋ. ਨਵਜੋਤ ਕੌਰ ਵੱਲੋਂ ਕੀਤਾ ਗਿਆ। ਪ੍ਰੋ. ਅਰਵਿੰਦ ਨੇ ਆਪਣੇ ਉਦਘਾਟਨੀ ਸ਼ਬਦ ਬੋਲਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਪ੍ਰਬੰਧਨੀ ਹੁਨਰ ਦਾ ਵਿਸ਼ੇਸ਼ ਮਹੱਤਵ ਹੈ। ਇਸ ਲਿਹਾਜ਼ ਨਾਲ਼ ਮੈਨੇਜਮੈਂਟ ਵਿਭਾਗ ਅਤੇ ਇਸ ਦੇ ਕੋਰਸਾਂ ਦੀ ਅਹਿਮੀਅਤ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਮੇਲੇ ਵਿੱਚ ਹਾਜ਼ਰ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਕਿਹਾ ਕਿ ਉਹ ਇਸ ਅਹਿਮੀਅਤ ਨੂੰ ਸਮਝਦਿਆਂ ਆਪਣੇ ਕੋਰਸਾਂ ਅਤੇ ਪੜ੍ਹਾਈ ਨੂੰ ਹੋਰ ਗੰਭੀਰਤਾ ਨਾਲ ਲੈਣ ਤਾਂ ਕਿ ਭਵਿੱਖ ਵਿੱਚ ਚੰਗੀਆਂ ਥਾਵਾਂ ਉੱਤੇ ਰੁਜ਼ਗਾਰ ਪ੍ਰਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਮੈਨੇਜਮੈਂਟ ਵਿਭਾਗ ਦਾ ਸੁਨਹਿਰੀ ਇਤਿਹਾਸ ਰਿਹਾ ਹੈ।

ਇਥੋਂ ਦੇ ਸਾਬਕਾ ਵਿਦਿਆਰਥੀ ਅੱਜ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਚੰਗੀਆਂ ਥਾਵਾਂ ਅਤੇ ਉੱਚ ਅਹੁਦਿਆਂ ਉੱਤੇ ਕਾਰਜਸ਼ੀਲ ਹਨ। 'ਬਿਜ਼ ਬਅਸਟ' ਮੇਲੇ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਮਾਤ ਕਮਰਿਆਂ ਵਿੱਚ ਹੁੰਦੀ ਪੜ੍ਹਾਈ ਦੇ ਨਾਲ਼ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਉਹਨਾਂ ਦੇ ਪ੍ਰਬੰਧਨੀ ਹੁਨਰ ਨੂੰ ਹੋਰ ਚਮਕਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਪ੍ਰੋ. ਨਵਜੋਤ ਕੌਰ ਵੱਲੋਂ ਇਸ ਮੌਕੇ ਬੋਲਦਿਆਂ ਵਿਭਾਗ ਨੂੰ ਇਸ ਗਤੀਵਿਧੀ ਦੇ ਆਯੋਜਨ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਕਰਵਾਉਣ ਲਈ ਪ੍ਰੇਰਿਆ।

ਉਦਘਾਟਨੀ ਸੈਸ਼ਨ ਸਮੇਂ ਵਿਭਾਗ ਮੁਖੀ ਪ੍ਰੋ. ਅਮਰਇੰਦਰ ਸਿੰਘ ਨੇ ਦਿੱਤੇ ਗਏ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਪਿਛਲੇ ਤਕਰੀਬਨ 10 ਸਾਲਾਂ ਤੋਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਆਯੋਜਨ ਕਰਵਾਉਂਦਾ ਆ ਰਿਹਾ ਹੈ। ਜਿਸ ਵਿੱਚ ਵਿਦਿਆਰਥੀ ਉਤਸ਼ਾਹ ਨਾਲ਼ ਭਾਗ ਲੈਂਦੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਇਸ ਮੇਲੇ ਦੇ ਆਯੋਜਨ ਵਿੱਚ ਹਿੱਸਾ ਪਾਉਣ ਵਾਲੇ ਸਮੂਹ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦਾ ਉਚੇਚਾ ਧੰਨਵਾਦ ਕੀਤਾ ਗਿਆ। ਸਕੂਲ ਮੈਨੇਜਮੈਂਟ ਸਟਡੀਜ਼ ਦੇ ਬਾਹਰ ਓਪਨ ਏਅਰ ਥਿਏਟਰ ਵਿੱਚ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਸੋਲੋ ਗਾਇਨ, ਡਿਊਟ ਗਾਇਨ, ਨ੍ਰਿਤ ਤੋਂ ਇਲਾਵਾ ਚੈਸ, ਬੰਗੀ ਟੇਬਲ, ਰੱਸਾਕਸ਼ੀ,ਗੇਮ ਆਫ਼ ਫੋਕਸ, ਸਨੇਕ ਐਂਡ ਲੈਡਰ ਜਿਹੀਆਂ ਵੱਖ ਵੱਖ ਰੌਚਿਕ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।