ਸੁਨਾਮ : ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਦੀ ਹੰਗਾਮੀ ਮੀਟਿੰਗ ਕੌਮੀ ਪ੍ਰਧਾਨ ਭਾਈ ਜਗਮੇਲ ਸਿੰਘ ਛਾਜਲਾ ਦੀ ਅਗਵਾਈ ਹੇਠ ਸੱਦਕੇ ਪੰਥ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਗੰਭੀਰ ਚਿੰਤਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਭਾ ਦੇ ਕੌਮੀ ਪ੍ਰਧਾਨ ਭਾਈ ਜਗਮੇਲ ਸਿੰਘ ਛਾਜਲਾ ਨੇ ਕਿਹਾ ਕਿ ਤਖਤ ਸਾਹਿਬਾਨਾਂ ਦੀ ਸਰਬ ਉੱਚਤਾ ਬਰਕਰਾਰ ਰੱਖਣ ਲਈ ਸਰਬੱਤ ਖਾਲਸਾ ਸੱਦਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬਾਨਾ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਵਿਦਾਇਗੀ ਇੱਕ ਵਿਧੀ ਵਿਧਾਨ ਰਾਹੀਂ ਕੀਤੀ ਜਾਂਦੀ ਹੈ ਲੇਕਿਨ ਮੌਜੂਦਾ ਸਮੇਂ ਜਥੇਦਾਰਾਂ ਦੀ ਨਿਯੁਕਤੀ ਅਤੇ ਵਿਦਾਇਗੀ ਅਕਾਲੀ ਦਲ ਦੇ ਇਸ਼ਾਰਿਆਂ ਤੇ ਐਸਜੀਪੀਸੀ ਤੇ ਕਾਬਜ਼ ਧਿਰ ਵੱਲੋਂ ਧੱਜੀਆਂ ਉਡਾਕੇ ਕੀਤੀ ਗਈ ਹੈ ਇੱਥੋਂ ਤੱਕ ਕਿ ਕਥਿਤ ਤੌਰ ਤੇ ਚੋਰੀ ਛਿਪੇ ਕੀਤੀ ਦਸਤਾਰਬੰਦੀ ਮੌਕੇ ਵੀ ਮਰਿਯਾਦਾ ਦਾ ਘਾਣ ਕੀਤਾ ਗਿਆ ਹੈ। ਮੀਟਿੰਗ ਵਿੱਚ ਹਾਜ਼ਰ ਸਭਾ ਦੇ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਪੰਥ ਦੀਆਂ ਮੁੱਖ ਸੰਪਰਦਾਵਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਪੁਰਾਤਨ ਸਿੱਖ ਰਹਿਤ ਮਰਿਯਾਦਾ ਦੇ ਅਨੁਸਾਰ ਤਖਤ ਸਾਹਿਬਾਨਾਂ ਦਾ ਮਾਣ ਸਨਮਾਨ ਬਹਾਲ ਰੱਖਣ ਲਈ ਅੱਗੇ ਆਉਣ। ਇਸ ਮੌਕੇ ਸਭਾ ਦੇ ਸਰਪ੍ਰਸਤ ਬਾਬਾ ਮੱਘਰ ਸਿੰਘ, ਗੁਰਦੇਵ ਸਿੰਘ, ਪਰਮਜੀਤ ਸਿੰਘ, ਸਥਾਨਕ ਯੂਨਿਟ ਦੇ ਪ੍ਰਧਾਨ ਅਵਤਾਰ ਸਿੰਘ, ਮੀਤ ਪ੍ਰਧਾਨ ਸਵਰਨ ਸਿੰਘ, ਸੈਕਟਰੀ ਚਮਕੌਰ ਸਿੰਘ ਕੜਾਕੇ ਵਾਲਾ, ਬੀਬੀ ਗੁਰਪ੍ਰੀਤ ਕੌਰ, ਬਾਬਾ ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਸ਼ਾਹਪੁਰ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਟਿੱਬੀ, ਨਿਰਮਲ ਸਿੰਘ, ਸੁਖਵਿੰਦਰ ਸਿੰਘ, ਬਾਬਾ ਹਰਮਨ ਸਿੰਘ ਟਿੱਬਾ, ਬਾਬਾ ਬੰਤ ਸਿੰਘ, ਰਾਗੀ ਭਾਈ ਹਰਭਜਨ ਸਿੰਘ, ਗੁਰਨਾਮ ਸਿੰਘ, ਰਾਜੂ ਸਿੰਘ ਬੱਲਰਾਂ, ਬਲਵਿੰਦਰ ਸਿਘ ਆਦਿ ਹਾਜ਼ਰ ਸਨ।