ਸੁਨਾਮ : ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਸੁਨਾਮ ਵੱਲੋਂ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਸ਼ਹੀਦ ਊਧਮ ਸਿੰਘ ਦੀ ਸੂਰਬੀਰਤਾ ਨੂੰ ਸਮਰਪਿਤ ਬਹਾਦਰੀ ਦਿਵਸ ਮਨਾਇਆ ਗਿਆ। ਜਿਸ ਵਿੱਚ ਜਗਦੀਪ ਸਿੰਘ ਗੋਲਡੀ ਕੰਬੋਜ ਮੁੱਖ ਮਹਿਮਾਨ ਵਜੋਂ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ, ਭਾਜਪਾ ਆਗੂ ਦਾਮਨ ਬਾਜਵਾ, ਹਰਿਆਣਾ ਸ਼੍ਰੋਮਣੀ ਕਮੇਟੀ ਮੈਂਬਰ ਦੀਦਾਰ ਸਿੰਘ ਨਲਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜਗਦੀਪ ਸਿੰਘ ਗੋਲਡੀ ਕੰਬੋਜ਼ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਤੰਗੀਆਂ ਤੁਰਸ਼ੀਆਂ ਭਰਿਆ ਜੀਵਨ ਕਰਕੇ ਵੀ ਫਰੰਗੀਆਂ ਵੱਲੋਂ ਦੇਸ਼ ਵਾਸੀਆਂ ਉੱਤੇ ਢਾਹੇ ਜੁਲਮ ਨੂੰ ਭੁਲਾਇਆ ਨਹੀਂ ਸਗੋਂ ਗੋਰਿਆਂ ਦੇ ਅੱਤਿਆਚਾਰ ਦੀ ਅੱਗ ਨੂੰ 21 ਸਾਲ ਆਪਣੇ ਸੀਨੇ ਵਿੱਚ ਸਮੋਈ ਰੱਖਿਆ। ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਨੇ ਕਿਹਾ ਕਿ ਉਹਨਾਂ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਉਹਨਾਂ ਵੱਲੋਂ ਸ਼ਹੀਦ ਪ੍ਰਤੀ ਜੋ ਵੀ ਬਣ ਸਕਦਾ ਹੈ ਉਹ ਕੀਤਾ ਜਾਵੇ ਉਹਨਾਂ ਪਿਛਲੀ ਸਰਕਾਰ ਵੇਲੇ ਯਤਨ ਕਰਕੇ ਸ਼ਹੀਦ ਊਧਮ ਸਿੰਘ ਯਾਦਗਾਰੀ ਮੈਮੋਰੀਅਲ ਸਮਾਰਕ ਬਣਾਉਣ ਅਤੇ ਹੁਣ ਵੀ ਕੇਂਦਰੀ ਸੈਰਸਪਾਟਾ ਮੰਤਰੀ ਪਾਸੋਂ ਸ਼ਹੀਦ ਦੀ ਯਾਦਗਾਰ ਲਈ ਸੂਬਾ ਸਰਕਾਰ ਨੂੰ ਪ੍ਰਪੋਜ਼ਲ ਬਣਾਕੇ ਭੇਜਣ ਲਈ ਪੱਤਰ ਭਿਜਵਾਇਆ ਹੈ ਪਰ ਸੂਬੇ ਦੀ ਸਰਕਾਰ ਵੱਲੋਂ ਹਾਲੇ ਤੱਕ ਉਸਦੀ ਪ੍ਰਪੋਜ਼ਲ ਹੀ ਨਹੀਂ ਭੇਜੀ ਗਈ। ਉਹਨਾਂ ਪਹਿਲਾਂ ਤੋਂ ਹੀ ਸ਼ਹੀਦ ਦੇ ਸ਼ਹੀਦੀ ਦਿਹਾੜੇ ਤੇ ਹੋਣ ਵਾਲੀ ਸੂਬਾ ਪੱਧਰੀ ਛੁੱਟੀ ਨੂੰ ਜ਼ਿਲ੍ਹੇ ਤੱਕ ਸੀਮਤ ਕਰਨ ਤੇ ਸਰਕਾਰ ਦੀ ਨਿਖੇਧੀ ਕੀਤੀ ਅਤੇ ਮੁੜ ਤੋਂ ਸੂਬੇ ਅੰਦਰ ਛੁੱਟੀ ਬਹਾਲੀ ਦੀ ਮੰਗ ਕੀਤੀ। ਉਨ੍ਹਾਂ ਸ਼ਹੀਦੀ ਦਿਹਾੜੇ ਮੌਕੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਨੂੰ ਵੀ ਸ਼ਾਨੋ ਸ਼ੌਕਤ ਨਾਲ ਮਨਾਉਣ ਦੀ ਮੰਗ ਕੀਤੀ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਹਰਿਆਣਾ ਸ਼੍ਰੋਮਣੀ ਕਮੇਟੀ ਮੈਂਬਰ ਦੀਦਾਰ ਸਿੰਘ ਨਲਵੀ ਵੀ ਸ਼ਾਮਿਲ ਸਨ। ਬੁਲਾਰਿਆਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਦਰਸਾਉਂਦਾ ਇੱਕ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। ਸਕੂਲੀ ਬੱਚਿਆਂ ਵੱਲੋਂ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਸਬੰਧੀ ਸਕਿਟ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਅਤੇ ਸਰਪ੍ਰਸਤ ਮਾਸਟਰ ਕੇਹਰ ਸਿੰਘ ਨੇ ਪਹੁੰਚੇ ਮਹਿਮਾਨਾਂ ਨੂੰ ਜੀ ਆਇਆ ਆਖਿਆ। ਸਟੇਜ ਦੀ ਕਾਰਵਾਈ ਪ੍ਰਿਤਪਾਲ ਸਿੰਘ ਨੇ ਬਾਖੂਬੀ ਨਿਭਾਈ।