ਸੁਨਾਮ : ਸੁਨਾਮ-ਸੰਗਰੂਰ ਮੁੱਖ ਸੜਕ ਤੇ ਪੈਂਦੇ ਪਿੰਡ ਅਕਾਲਗੜ੍ਹ ਨੇੜਿਓਂ ਲੰਘਦੇ ਸਰਹਿੰਦ ਚੋਅ ਦੇ ਖਸਤਾਹਾਲ ਪੁਲ ਤੇ ਰਾਜਨੀਤੀ ਭਾਰੂ ਪੈ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਪੁਲ ਦੀ ਹਾਲਤ ਤਰਸਯੋਗ ਹੋਣ ਕਾਰਨ ਭਾਰੀ ਗੱਡੀਆਂ ਲਈ ਆਵਾਜਾਈ ਬੰਦ ਕਰ ਦਿੱਤੀ ਗਈ ਸੀ ਲੇਕਿਨ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪੁਲ ਨੂੰ ਨਵੇਂ ਸਿਰਿਉਂ ਬਣਾਉਣ ਲਈ ਕੋਈ ਕਾਰਗਰ ਕਦਮ ਨਾ ਚੁੱਕੇ ਜਾਣ ਕਾਰਨ ਰਾਹਗੀਰਾਂ ਨੇ ਰਸਤਾ ਆਪ ਹੀ ਖੋਲ੍ਹ ਦਿੱਤਾ। ਕੁੱਝ ਸਮਾਂ ਪਹਿਲਾਂ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਖ਼ੁਦ ਮੌਕੇ ਤੇ ਪੁੱਜਕੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਨਾਲ਼ ਲੈਕੇ ਪੁਲ ਬਣਾਉਣ ਦੀ ਗੱਲ ਆਖੀ ਲੇਕਿਨ ਮਾਮਲੇ ਵਿੱਚ ਸਿਰਫ਼ ਰਾਜਨੀਤੀ ਤੋਂ ਸਿਵਾਏ ਲੋਕਾਂ ਦੇ ਪੱਲੇ ਨਿਰਾਸ਼ਤਾ ਹੀ ਪਈ ਦਿਖਾਈ ਦਿੱਤੀ। ਸਰਹਿੰਦ ਚੋਅ ਦੀ ਹਾਲਤ ਖ਼ਸਤਾ ਹੋਣ ਕਾਰਨ ਲੰਘੀ ਰਾਤ ਪੁਲ ਤੋਂ ਟਰੱਕ ਸਰਹਿੰਦ ਚੋਅ ਵਿੱਚ ਜਾ ਡਿੱਗਿਆ ਉਂਜ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸਨਿੱਚਰਵਾਰ ਨੂੰ ਸਵੇਰੇ ਜਿਉਂ ਹੀ ਟਰੱਕ ਦੇ ਸਰਹਿੰਦ ਚੋਅ ਵਿੱਚ ਡਿੱਗਣ ਦਾ ਪਤਾ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੂੰ ਪਤਾ ਲੱਗਾ ਤਾਂ ਉਹ ਆਪਣੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਨਾਲ ਲੈਕੇ ਮੌਕੇ ਤੇ ਪੁੱਜੇ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੇ ਰੋਸ ਪ੍ਰਗਟਾਉਂਦਿਆਂ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ। ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਦੱਸਿਆ ਕਿ ਬੀਤੀ ਰਾਤ 2 ਵਜੇ ਵੱਡਾ ਟਰਾਲਾ ਸਮਾਨ ਨਾਲ ਭਰਿਆ ਪੁੱਲ ਤੇ ਪਲਟ ਗਿਆ ਜਿਸ ਕਰਕੇ ਪੁੱਲ ਤੇ ਲੱਗੀ ਇੱਕ ਸਾਈਡ ਦੀ ਰੇਲਿੰਗ ਹੇਠਾਂ ਡਿੱਗ ਗਈ ਅਤੇ ਨਾਲ ਹੀ ਇਸ ਹਾਦਸੇ ਦੌਰਾਨ ਇਸ ਪੁੱਲ ਦੇ ਉੱਪਰ ਇਕ ਟੋਆ ਬਣ ਗਿਆ ਹੈ, ਜਿਸ ਕਰਕੇ ਪੁੱਲ ਦੇ ਹੇਠਾਂ ਜਮੀਨ ਤੱਕ ਸਰੀਏ ਦਿਖਾਏ ਦੇ ਰਹੇ ਹਨ, ਮੈਡਮ ਬਾਜਵਾ ਨੇ ਦੱਸਿਆ ਕਿ ਸਰਹਿੰਦ ਚੋਅ ਵਿੱਚ ਟਰੱਕ ਡਿੱਗਣ ਤੋਂ ਬਾਅਦ ਪ੍ਰਸ਼ਾਸਨ ਇਸ ਪੁਲ ਉੱਪਰ ਬਣੇ ਟੋਏ ਨੂੰ ਮਿੱਟੀ ਨਾਲ ਭਰਕੇ ਉੱਪਰੋਂ ਲੁੱਕ ਪਾਕੇ ਬੰਦ ਕੀਤਾ ਜਾ ਰਿਹਾ ਸੀ ਸਿਰਫ ਇੱਕ ਖਾਨਾਪੂਰਤੀ ਲਈ, ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉਹ ਮਸ਼ੀਨ ਵਾਲੇ ਡਰਕੇ ਉਸ ਟੋਏ ਨੂੰ ਉਵੇਂ ਹੀ ਅੱਧ ਵਿਚਕਾਰ ਛੱਡਕੇ ਭੱਜ ਗਏ। ਮੈਡਮ ਬਾਜਵਾ ਨੇ ਮੌਕੇ ਤੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸ.ਡੀ.ਐਮ ਸੁਨਾਮ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਤੇ ਸਮੁੱਚੇ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਪੁਲ ਤੇ ਬਣੇ ਟੋਏ ਦੀ ਬੈਰੀਕੇਡ ਕੀਤੀ ਜਾਵੇਗੀ, ਪੁੱਲ ਦੀ ਡਿੱਗੀ ਰੇਲਿੰਗ ਦੀ ਰਿਪੇਅਰ ਕੀਤੀ ਜਾਵੇਗੀ ਅਤੇ ਸਪੀਡ ਬੈਰੀਕੇਡ ਲਗਾਏ ਜਾਣਗੇ ਤੇ ਇੰਡੀਕੇਟਰ ਅਤੇ ਰਿਫਲੈਕਟਰ ਲਗਾਏ ਜਾਣਗੇ ਤਾਂ ਜੋ ਰਾਤ ਸਮੇਂ ਰਾਹਗੀਰਾਂ ਨੂੰ ਇਸ ਟੁੱਟੇ ਪੁੱਲ ਦਾ ਪਤਾ ਲੱਗ ਸਕੇ ।
ਮੈਡਮ ਬਾਜਵਾ ਨੇ ਕਿਹਾ ਬੇਸ਼ੱਕ ਪਹਿਲਾਂ ਪ੍ਰਸ਼ਾਸਨ ਨੇ ਇਸ ਪੁੱਲ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਬੰਦ ਕਰਨਾ ਇਸ ਪੁੱਲ ਦਾ ਹੱਲ ਨਹੀਂ ਹੈ ਇਸ ਪੁੱਲ ਨੂੰ ਲੰਮੇ ਸਮੇਂ ਤੱਕ ਆਪਾ ਬੰਦ ਨਹੀਂ ਕਰ ਸਕਦੇ ਕਿਉਂਕਿ ਇਹ ਸੁਨਾਮ ਤੋਂ ਸੰਗਰੂਰ ਦਾ ਮੇਨ ਰੋਡ ਹੈ ਤੇ ਹਜਾਰਾਂ ਲੋਕ ਇੱਥੋਂ ਲੰਘਦੇ ਹਨ ਤੇ ਦੋਨਾਂ ਸਾਈਡਾਂ ਤੇ ਲੋਕਾਂ ਦੀਆਂ ਜਮੀਨਾਂ ਲੱਗਦੀਆਂ ਹਨ, ਮੈਡਮ ਬਾਜਵਾ ਨੇ ਕਿਹਾ ਕਿ ਪਿਛਲੇ ਸੱਤ ਅੱਠ ਮਹੀਨਿਆਂ ਤੋਂ ਮੰਗ ਕਰ ਰਹੇ ਹਾਂ ਕਿ ਇੱਥੇ ਆਰਜੀ ਪੁੱਲ ਬਣਾਕੇ ਤੇ ਇਸ ਪੁੱਲ ਦੀ ਮੁਰੰਮਤ ਜਾਂ ਨਵੀ ਉਸਾਰੀ ਕੀਤੀ ਜਾਵੇ, ਪਰ ਅਜੇ ਤੱਕ ਨਾ ਤਾਂ ਕੋਈ ਦੂਜਾ ਪੁੱਲ ਬਣਾਇਆ ਗਿਆ ਅਤੇ ਨਾ ਹੀ ਕੋਈ ਉਸਾਰੀ ਜਾ ਮੁਰੰਮਤ ਦਾ ਕੰਮ ਸ਼ੁਰੂ ਹੋਇਆ ਸਿਰਫ ਇਹ ਕਹਿਕੇ ਗੱਲ ਟਾਲ ਦਿੱਤੀ ਗਈ ਕਿ ਟੈਂਡਰ ਲੱਗੇ ਹੋਏ ਹਨ। ਇਸ ਮੌਕੇ ਰਾਜੀਵ ਮੱਖਣ ਮੰਡਲ ਪ੍ਰਧਾਨ ਸੁਨਾਮ, ਦਰਸ਼ਨ ਸਿੰਘ ਸਰਪੰਚ ਨਮੋਲ ਮੰਡਲ ਪ੍ਰਧਾਨ ਦਿਹਾਤੀ , ਸੰਜੇ ਗੋਇਲ ਜਿਲ੍ਹਾ ਜਨਰਲ ਸਕੱਤਰ , ਤਰਲੋਕ ਸਿੰਘ ਸਾਬਕਾ ਸਰਪੰਚ ਬਿਸ਼ਨਪੁਰਾ, ਸੁਰਿੰਦਰਜੀਤ ਕੋਰ ਬਾਜਵਾ ਸਾਬਕਾ ਸਰਪੰਚ ਅਕਾਲਗੜ੍ਹ, ਹਰਜੀਤ ਸਿੰਘ ਸਰਪੰਚ ਚੱਠੇ ਨਕਟੇ, ਅੰਮ੍ਰਿਤ ਬਿਸ਼ਨਪੁਰਾ ਆਦਿ ਹਾਜ਼ਰ ਸਨ।