ਸੁਨਾਮ : ਸੁਨਾਮ-ਸੰਗਰੂਰ ਮੁੱਖ ਸੜਕ ’ਤੇ ਪਿੰਡ ਅਕਾਲਗੜ੍ਹ ਨੇੜਿਓਂ ਲੰਘਦੇ ਸਰਹਿੰਦ ਚੋਅ ਦੇ ਖਸਤਾਹਾਲ ਪੁਲ ਦਾ ਮੁੱਦਾ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਵੱਲੋਂ ਬੇਬਾਕੀ ਨਾਲ ਚੁੱਕਣ ਤੋਂ ਬਾਅਦ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਜਾਗਿਆ ਹੈ। ਭਾਜਪਾ ਆਗੂ ਦਾਮਨ ਬਾਜਵਾ ਨੇ ਐਤਵਾਰ ਨੂੰ ਕਿਹਾ ਕਿ ਸਰਹਿੰਦ ਚੋਅ ’ਤੇ ਬਣੇ ਪੁਲ ਦੀ ਤਰਸਯੋਗ ਹਾਲਤ ਦਾ ਮੁੱਦਾ ਭਾਜਪਾ ਵਰਕਰਾਂ ਵੱਲੋਂ ਪੂਰੀ ਦ੍ਰਿੜਤਾ ਨਾਲ ਚੁੱਕਿਆ ਗਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਕੁੰਭਕਰਨੀ ਨੀਂਦ ਤੋਂ ਜਾਗਦਿਆਂ ਪੁਲ ਦੀ ਟੁੱਟੀ ਰੇਲਿੰਗ, ਸਪੀਡ ਬਰੇਕਰ ਅਤੇ ਟੋਏ ਦੁਆਲੇ ਬੈਰੀਕੇਟ ਲਾਉਣ ਦੀ ਮੰਗ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਕਤ ਮਾਮਲਿਆਂ ਦੀ ਪੂਰਤੀ ਨਾਲ ਪੁਲ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਹੋ ਜਾਵੇਗਾ। ਮੈਡਮ ਬਾਜਵਾ ਨੇ ਦੱਸਿਆ ਕਿ ਉਕਤ ਮੰਗਾਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਸਨਮੁੱਖ ਰੱਖੀਆਂ ਗਈਆਂ ਸਨ, ਨਾ ਪੂਰੀਆਂ ਕਰਨ ਤੇ ਭਾਜਪਾ ਵੱਲੋਂ ਧਰਨਾ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਖਸਤਾਹਾਲ ਪੁੱਲ ਤੇ ਬਣੇ ਟੋਏ ਦੀ ਬੈਰੀਕੇਡ ਕੀਤੀ ਜਾਵੇਗੀ, ਪੁੱਲ ਦੀ ਢੇਹ ਗਈ ਰੇਲਿੰਗ ਦੀ ਰਿਪੇਅਰ ਕੀਤੀ ਜਾਵੇਗੀ ਅਤੇ ਸਪੀਡ ਬਰੇਕਰ ਲਗਾਏ ਜਾਣ, ਲੰਘੀ ਰਾਤ ਵਿੱਚ ਹੀ ਪ੍ਰਸ਼ਾਸਨ ਨੇ ਬੜੀ ਤੇਜੀ ਨਾਲ ਇਹ ਤਿੰਨੋਂ ਕੰਮ ਕਰ ਦਿੱਤੇ ਇਸ ਨੂੰ ਦੇਖਦੇ ਹੋਏ ਮੈਡਮ ਦਾਮਨ ਬਾਜਵਾ ਨੇ ਡਿਪਟੀ ਕਮਿਸ਼ਨਰ ਸੰਗਰੂਰ, ਐਸ.ਡੀ.ਐਮ ਸੁਨਾਮ ਤੇ ਸਮੁੱਚੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਵੇਂ ਮੋਜੂਦਾ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਿਆਂ ਇੱਥੇ ਨਹੀਂ ਪਹੁੰਚਿਆ ਲੇਕਿਨ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਕਹੇ ਜਾਣ ਤੇ ਕੰਮ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪੁਲ ਤੋਂ ਲੰਘ ਰਿਹਾ ਟਰਾਲਾ ਸਰਹਿੰਦ ਚੋਅ ਵਿੱਚ ਡਿੱਗ ਗਿਆ ਸੀ, ਇਸ ਤੋਂ ਪਹਿਲਾਂ ਵੀ ਕਈ ਹਾਦਸੇ ਇਸ ਪੁਲ ਤੇ ਵਾਪਰ ਚੁੱਕੇ ਹਨ।