ਕੁਰਾਲੀ : ਲਾਵਾਰਿਸ ਪਰਾਣੀਆਂ ਦੀ ਸੇਵਾ ਸੰਭਾਲ ਕਰ ਰਹੀ ਸੰਸਥਾ ਪ੍ਰਭ ਆਸਰਾ ਦਾ ਬਿਜਲੀ ਕਨੈਕਸ਼ਨ ਕੱਟਣ ਖਿਲਾਫ ਕਿਸਾਨ, ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਅੱਜ ਰੋਸ ਮੀਟਿੰਗ ਦੇ ਰੂਪ ਵਿੱਚ ਵਿਸ਼ੇਸ਼ ਇਕੱਤਰਤਾ ਕੀਤੀ ਗਈ ਜਿਸ ਦੌਰਾਨ ਪ੍ਰਸ਼ਾਸਨ ਨਾਲ ਗੱਲਬਾਤ ਸਿਰੇ ਨਾ ਚੜਨ ਦੇ ਰੋਸ ਵਜੋਂ ਸਮੂਹ ਜਥੇਬੰਦੀਆਂ ਵੱਲੋਂ ਖਰੜ ਕੁਰਾਲੀ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਤਾਂ ਬਿਜਲੀ ਵਿਭਾਗ ਵੱਲੋਂ ਚਾਰ ਦਿਨ ਦਾ ਸਮਾਂ ਮੰਗੇ ਜਾਣ ਉਪਰੰਤ ਆਵਾਜਾਈ ਮੁੜ ਬਹਾਲ ਕੀਤੀ ਗਈ ਅਤੇ ਜਥੇਬੰਦੀਆਂ ਵੱਲੋਂ 15 ਅਪ੍ਰੈਲ ਨੂੰ ਮੁੜ ਭਾਰੀ ਇਕੱਠ ਕਰਨ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਹੋਈ ਵਿਸ਼ੇਸ਼ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਚਲਾਕੀ, ਕਿਸਾਨ ਯੂਨੀਅਨ ਰਾਜੇਵਾਲ, ਮੇਹਰ ਸਿੰਘ ਥੇੜੀ, ਕਿਸਾਨ ਯੂਨੀਅਨ ਸਿੱਧੂਪੁਰ, ਦਵਿੰਦਰ ਸਿੰਘ ਦੇਹ ਕਲਾਂ ਕਿਸਾਨ ਯੂਨੀਅਨ ਲੱਖੋਵਾਲ, ਸੁਖਦੇਵ ਸਿੰਘ ਸੁੱਖਾ ਕਨਸਾਲਾ ਲੋਕ ਹਿੱਤ ਮਿਸ਼ਨ, ਦਲਜੀਤ ਸਿੰਘ ਜੀਤਾ ਫਾਂਟਵਾਂ ਸ਼ੇਰੇ ਪੰਜਾਬ ਕਿਸਾਨ ਯੂਨੀਅਨ, ਰੇਸ਼ਮ ਸਿੰਘ ਵਡਾਲੀ ਕਿਸਾਨ ਯੂਨੀਅਨ ਕਾਦੀਆਂ, ਜਰਨੈਲ ਸਿੰਘ ਮਗਰੋੜ ਕਿਰਤੀ ਕਿਸਾਨ ਮੋਰਚਾ, ਪਾਲ ਸਿੰਘ ਫਰਾਂਸ ਕੌਮੀ ਇਨਸਾਫ ਮੋਰਚਾ, ਬਲਵਿੰਦਰ ਸਿੰਘ ਸ਼ੇਰੇ ਪੰਜਾਬ ਅਕਾਲੀ ਦਲ, ਪਰਮਿੰਦਰ ਸਿੰਘ ਖਾਲਸਾ ਜੀ ਫਾਊਂਡੇਸ਼ਨ, ਅਮਰਜੀਤ ਸਿੰਘ ਕਲਸੀ ਨੌਜਵਾਨ ਸਭਾ ਪੰਜਾਬ, ਦਵਿੰਦਰ ਸਿੰਘ ਖਾਲਸਾ ਗੁਰਦਵਾਰਾ ਤਾਲਮੇਲ ਕਮੇਟੀ, ਦਵਿੰਦਰ ਸਿੰਘ ਬਾਜਵਾ ਸਮਾਜ ਸੇਵੀ, ਰਵਿੰਦਰ ਸਿੰਘ ਵਜੀਦਪੁਰ, ਦਲਜੀਤ ਸਿੰਘ ਚਲਾਕੀ, ਜਸਪਾਲ ਸਿੰਘ ਨਿਆਮੀਆਂ, ਭਾਈ ਹਰਜੀਤ ਸਿੰਘ ਹਰਮਨ, ਪਰਮਦੀਪ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਤੇ ਗੁਰਮੀਤ ਸਿੰਘ ਸ਼ੰਟੂ, ਰਣਜੀਤ ਸਿੰਘ ਪਟਿਆਲਾ ਰਣਜੀਤ ਸਿੰਘ ਜੀਤੀ ਪ੍ਰਧਾਨ ਆਦਿ ਆਗੂਆਂ ਨੇ ਕਿਹਾ ਕਿ ਪ੍ਰਭ ਆਸਰਾ ਸੰਸਥਾ ਜੋ ਕਿ ਲੋੜਵੰਦ ਨਾਗਰਿਕਾਂ ਦੀ ਸੇਵਾ ਸੰਭਾਲ ਕਰ ਰਹੀ ਹੈ ਅਤੇ ਕਾਨੂੰਨੀ ਪੱਖ ਤੋਂ ਉਹਨਾਂ ਦਾ ਐਕਟ ਅਨੁਸਾਰ ਹਰ ਸਹੂਲਤ ਪ੍ਰਾਪਤ ਕਰਨ ਬਾਬਤ ਸਰਕਾਰੀ ਅਧਿਕਾਰ ਬਣਦਾ ਹੈ ਪਰ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਵੀ ਸਹੂਲਤ ਦੇਣ ਦੀ ਬਜਾਏ ਉਲਟਾ ਬਿਜਲੀ ਕਨੈਕਸ਼ਨ ਕੱਟ ਕੇ ਮਿਲ ਰਹੀ ਸਹੂਲਤ ਤੋਂ ਵੀ ਵਾਂਝਾ ਕਰ ਦਿੱਤਾ ਗਿਆ ਅਤੇ ਗਰਮੀ ਵਿੱਚ ਰਹਿਣ ਲਈ ਪਰੇਸ਼ਾਨ ਕੀਤਾ ਗਿਆ | ਇਸ ਦੌਰਾਨ ਐਸ.ਡੀ.ਐਮ ਖਰੜ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਘੰਟਾ ਭਰ ਮੀਟਿੰਗ ਚਲਦੀ ਰਹੀ ਪਰ ਕੋਈ ਵੀ ਸਥਾਈ ਹੱਲ ਨਾ ਨਿਕਲਣ ਕਾਰਨ ਰੋਸ ਵਜੋਂ ਇਕੱਤਰ ਹੋਈਆਂ ਜਥੇਬੰਦੀਆਂ ਵੱਲੋਂ ਮੇਨ ਹਾਈਵੇ ਤੇ ਜਾਮ ਲਗਾ ਦਿੱਤਾ ਗਿਆ। ਜਿਸ ਉਪਰੰਤ ਬਿਜਲੀ ਵਿਭਾਗ ਦੇ ਐਕਸੀਅਨ ਅਤੇ ਤਹਿਸੀਲਦਾਰ ਖਰੜ ਨੇ ਮੌਕੇ ਤੇ ਪੁੱਜ ਕੇ ਜਥੇਬੰਦੀਆਂ ਨੂੰ ਭਰੋਸਾ ਦਵਾਇਆ ਕਿ ਦਸਤਾਵੇਜੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਚਾਰ ਦਿਨਾਂ ਦੇ ਅੰਦਰ ਅੰਦਰ ਬਿਜਲੀ ਕਨੈਕਸ਼ਨ ਬਹਾਲ ਕਰ ਦਿੱਤਾ ਜਾਵੇਗਾ। ਜਿਸ ਭਰੋਸੇ ਮਗਰੋਂ ਭਾਵੇਂ ਜਥੇਬੰਦੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਪਰ ਉਹਨਾਂ ਵੱਲੋਂ 15 ਅਪ੍ਰੈਲ ਸਵੇਰੇ 10 ਵਜੇ ਮੁੜ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਗਿਆ। ਜੇਕਰ ਉਸ ਸਮੇਂ ਤੱਕ ਕੋਈ ਹੱਲ ਨਾ ਹੋਇਆ ਤਾਂ ਵੱਡਾ ਐਕਸ਼ਨ ਪ੍ਰੋਗਰਾਮ ਊਲੀਕਿਆ ਜਾਵੇਗਾ। ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਨੇ ਪੁੱਜੀਆਂ ਜਥੇਬੰਦੀਆਂ ਦਾ ਸਾਥ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।