ਨਿਆਗਾਓਂ : ਕੱਲ ਪੈ ਰਹੀ ਅੱਤ ਦੀ ਗਰਮੀ ਵਿੱਚ ਨਿਆਗਾਓਂ ਦੇ ਵਾਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ ਅਤੇ ਸਰਕਾਰੀ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਵਸਨੀਕਾਂ ਨੂੰ ਪਾਣੀ ਦੇ ਟੈਂਕਰ ਮੰਗਵਾ ਕੇ ਕੰਮ ਸਾਰਨਾ ਪੈ ਰਿਹਾ ਹੈ।
ਇਸ ਸਾਲ ਤਾਂ ਗਰਮੀ ਸ਼ੁਰੂ ਹੁੰਦੇ ਹੀ ਆਦਰਸ਼ ਨਗਰ ਵਿੱਚ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਹੋ ਗਈ ਹੈ ਅਤੇ ਪਿਛਲੇ ਇੱਕ ਹਫਤੇ ਤੋਂ ਪਾਣੀ ਨਾ ਆਉਣ ਕਾਰਨ ਵਸਨੀਕਾਂ ਵਿੱਚ ਭਾਰੀ ਰੋਸ ਜਤਾਇਆ ਜਾ ਰਿਹਾ ਹੈ। ਆਦਰਸ਼ ਨਗਰ ਦੇ ਵਾਰਡ ਨੰਬਰ 13 ਦੇ ਅਸ਼ਕ ਕੁਮਾਰ, ਚਤਰ ਸਿੰਘ, ਸੁਰਜੀਤ ਕੁਮਾਰ, ਗੁਲਜਾਰ, ਪ੍ਰਮੋਦ ਕੁਮਾਰ, ਦੀਪਕ ਤੇ ਨਨੂ ਲਾਲ ਨੇ ਦੱਸਿਆ ਕਿ ਹਰ ਸਾਲ ਅੱਤ ਦੀ ਗਰਮੀ ਦੇ ਦਿਨਾਂ ਵਿੱਚ ਸਰਕਾਰੀ ਟਿਊਬਵੈਲ ਦੇ ਪਾਣੀ ਦੀ ਸਪਲਾਈ ਦਾ ਬਹੁਤ ਮਾੜਾ ਹਾਲ ਹੁੰਦਾ ਹੈ ਤੇ ਕਈ ਕਈ ਦਿਨ ਪਾਣੀ ਨਾ ਆਉਣ ਕਾਰਨ ਇੱਥੋਂ ਦੇ ਲੋਕ ਦਿਨ ਰਾਤ ਪਾਣੀ ਆਉਣ ਦੀ ਉਡੀਕ ਵਿੱਚ ਰਹਿੰਦੇ ਹਨ ਅਤੇ ਪਾਣੀ ਨਾ ਆਉਣ ਤੇ ਉਨ੍ਹਾਂ ਨੂੰ ਪਾਣੀ ਦੇ ਟੈਂਕਰ ਮੰਗਵਾ ਕੇ ਸਾਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੇ ਟੈਂਕਰ ਵਾਲੇ 400 ਤੋਂ 700 ਰੁਪਏ ਤਕ ਲੈਂਦੇ ਹਨ ਜਦਕਿ ਉਨ੍ਹਾਂ ਦੀਆਂ ਟੈਂਕੀਆਂ ਵਿੱਚ ਅੱਧਾ ਟੈਂਕਰ ਹੀ ਪਾਣੀ ਦਾ ਆਉਂਦਾ ਹੈ ਪਰ ਉਹ ਪੈਸੇ ਪੂਰੇ ਲੈ ਜਾਂਦੇ ਹਨ।
ਉਹਨਾਂ ਕਿਹਾ ਕਿ ਸਰਕਾਰੀ ਟਿਊਬਵੈਲ ਤੋਂ ਪਾਣੀ ਛੱਡਣ ਦਾ ਵੀ ਕੋਈ ਸਮਾਂ ਨਿ੪ਚਿਤ ਨਹੀਂ ਹੈ, ਜਿਸ ਕਾਰਨ ਕਈ ਲੋਕਾਂ ਨੂੰ ਪਾਣੀ ਦੀ ਸਪਲਾਈ ਆਉਣ ਦਾ ਪਤਾ ਹੀ ਨਹੀਂ ਲੱਗਦਾ ਅਤੇ ਜਾਂ ਫਿਰ ਪਾਣੀ ਦੁਪਹਿਰ ਵੇਲੇ ਛੱਡਦੇ ਹਨ ਜਿਸ ਸਮੇਂ ਲੋਕ ਆਪਣੇ ਕੰਮਾਂਕਾਰਾਂ ਤੇ ਗਏ ਹੁੰਦੇ ਹਨ।
ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਟਿਊਬਵੈਲ ਤੋਂ ਪਾਣੀ ਛੱਡਣ ਦਾ ਸਮਾਂ ਨਿ੪ਚਿਤ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਵੀ ਪਾਣੀ ਦੀ ਕਿੱਲਤ ਨਾਲ ਜੂਝਣ ਨਾ ਪਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਟਿਊਬਵੈਲ ਤੋਂ ਪਾਣੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਇਥੋਂ ਦੇ ਐਮਸੀ ੯ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ।
ਇਸ ਸਬੰਧੀ ਵਾਰਡ ਨੰਬਰ 13 ਦੇ ਕੌਂਸਲਰ ਅਮਨਦੀਪ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਪਤੀ ਲਾਭ ਸਿੰਘ ਨੇ ਦੱਸਿਆ ਕਿ ਜੋ ਕਰਮਚਾਰੀ ਇਸ ਵਾਰਡ ਵਿੱਚ ਪਾਣੀ ਦੀ ਸਪਲਾਈ ਛੱਡਦਾ ਹੈ, ਉਹ ਹਸਪਤਾਲ ਵਿੱਚ ਦਾਖਲ ਹੈ, ਇਸ ਲਈ ਸਮਸਿਆ ਆ ਰਹੀ ਹੈ, ਜਿਸਦਾ ਜਲਦ ਹੀ ਹੱਲ ਕੱਢ ਲਿਆ ਜਾਵੇਗਾ।