ਫ਼ਤਹਿਗੜ੍ਹ ਸਾਹਿਬ : ਵੱਧ ਰਹੇ ਤਾਪਮਾਨ ਕਾਰਨ ਅਤੇ ਖੇਤਾਂ ਵਿੱਚੋਂ ਬਿਜਲੀ ਦੀਆਂ ਢਿੱਲੀਆਂ ਜਾਂ ਨੀਵੀਂਆਂ ਤਾਰਾਂ ਵਿੱਚ ਸਪਾਰਕ ਹੋਣ ਕਾਰਨ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗਣ ਦੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਡਾ.ਸੰਦੀਪ ਕੁਮਾਰ ਰਿਣਵਾ ਨੇ ਬਲਾਕ ਖੇੜਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਖੇਤਾਂ ਵਿੱਚ ਲੱਗੇ ਟ੍ਰਾਂਸਫਰਮਰਾਂ ਨੇੜੇ ਸਾਫ ਸਫਾਈ ਰੱਖਣ ਲਈ ਜਾਗਰੂਕ ਕੀਤਾ। ਉਹਨਾਂ ਨੂੰ ਕਿਹਾ ਕਿ ਜੇਕਰ ਬਿਜਲੀ ਕਾਰਨ ਫਸਲ ਨੂੰ ਅੱਗ ਲਗਦੀ ਹੈ ਤਾਂ ਤੁਰੰਤ ਪੀ.ਐਸ.ਪੀ.ਸੀ.ਐਲ ਵੱਲੋਂ ਜਾਰੀ ਕੀਤੇ ਹੈਲਪਲਾਈਨ ਨੰਬਰ 96461-06835, 96461-06836 ਜਾਂ 1912 ਤੇ ਤੁਰੰਤ ਸੰਪਰਕ ਕੀਤਾ ਜਾਵੇ। ਉਹਨਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਸਮੇਂ ਸਮੇਂ ਤੇ ਆਪਣੇ ਖੇਤਾਂ ਦਾ ਦੌਰਾ ਕਰਕੇ ਫ਼ਸਲ ਦਾ ਨਰੀਖਣ ਕਰਨ ਤਾਂ ਜੋ ਫ਼ਸਲ ਦਾ ਨੁਕਸਾਨ ਨਾ ਹੋਵੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਇਹ ਵੀ ਕਿਹਾ ਕਿ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਦੇ ਨੇੜਿਓ ਤਕਰੀਬਨ 5-5 ਫੁੱਟ ਦੀ ਦੂਰੀ ਤੱਕ ਕਣਕ ਕੱਟ ਕੇ ਵੱਖਰੀ ਰੱਖ ਲੈਣੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਕੰਬਾਇਨ ਦੀ ਉੱਚਾਈ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਕੰਬਾਈਨ ਅਤੇ ਤੂੜੀਵਾਲੇ ਡੀਪਰ ਦੇ ਪੁਰਜਿਆਂ ਵਿੱਚ ਹੋਣ ਵਾਲੇ ਸਪਾਰਕ ਕਾਰਨ ਵੀ ਅੱਗ ਲੱਗ ਸਕਦੀ ਹੈ। ਇਸ ਲਈ ਕਣਕ ਦੀ ਤੂੜੀ ਬਣਾੳਣ ਵੇਲੇ ਮੋਟਰਾਂ ਨੇੜੇ ਉਚਿਤ ਮਾਤਰਾ ਵਿੱਚ ਪਾਣੀ ਦਾ ਪ੍ਰਬੰਧ ਅਤੇ ਟਰੈਕਟਰਾਂ ਨਾਲ ਚੱਲਣ ਵਾਲੇ ਸਪਰੇਅ ਪੰਪ ਵੀ ਜਮ੍ਹਾਂ ਕਰਨੇ ਚਾਹੀਦੇ ਹਨ। ਉਹਨਾਂ ਇਹ ਅਪੀਲ ਵੀ ਕੀਤੀ ਕਿ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਕਾਰਨ ਵਾਤਾਵਰਨ ਪ੍ਰਦੂਸ਼ਣ ਵੱਧਦਾ ਹੈ ਇਸ ਲਈ ਉਸਨੂੰ ਅੱਗ ਨਾ ਲਗਾਈ ਜਾਵੇ। ਇਸ ਮੌਕੇ ਖੇਤੀਬਾੜੀ ਅਫ਼ਸਰ ਖੇੜਾ, ਡਾ.ਇਕਬਾਲਜੀਤ ਸਿੰਘ, ਖੇਤੀ ਵਿਕਾਸ ਅਫ਼ਸਰ ਡਾ.ਪੁਨੀਤ ਕੁਮਾਰ, ਏ.ਟੀ.ਐਮ. ਸ੍ਰੀ ਰਾਜਵੀਰ ਸਿੰਘ ਅਤੇ ਅਗਾਂਹਵਧੂ ਕਿਸਾਨ ਲਖਵੀਰ ਸਿੰਘ, ਸੰਦੀਪ ਸਿੰਘ, ਸਰਵਜੀਤ ਸਿੰਘ, ਰੁਪਿੰਦਰ ਸਿੰਘ, ਹਰਪਾਲ ਸਿੰਘ ਮੌਜੂਦ ਸਨ।