ਸੁਨਾਮ : ਖ਼ਾਲਸਾ ਸਾਜਨਾ ਦਿਵਸ ਦੇ ਮੱਦੇਨਜ਼ਰ ਬੱਚਿਆਂ ਦਾ 10 ਰੋਜ਼ਾ ਗੁਰਬਾਣੀ ਅਤੇ ਗੁਰਮਤਿ ਸਿਖਲਾਈ ਕੈਂਪ ਗੁਰਦੁਆਰਾ ਸਿੰਘ ਸਭਾ ਮੋਰਾਂਵਾਲੀ ਸੁਨਾਮ ਵਿਖੇ ਲਗਾਇਆ ਗਿਆ, ਜਿਸ ਚ ਬੱਚਿਆਂ ਨੇ ਵਧ-ਚੜ ਕੇ ਹਿੱਸਾ ਲਿਆ । ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਸ਼ੇਰੋ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਗੁਰਸੇਵਕ ਸਿੰਘ ਘਰਾਚੋਂ ਨੇ ਦੱਸਿਆ ਕਿ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਉਪਰਾਲੇ ਸਦਕਾ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਇੰਦਰਮੋਹਨ ਸਿੰਘ ਲਖਮੀਰਵਾਲਾ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਏ ਇਸ ਕੈਂਪ ਦੌਰਾਨ ਬੱਚਿਆਂ ਨੂੰ ਜਿੱਥੇ ਜਪੁਜੀ ਸਾਹਿਬ ਦੇ ਪਾਠ ਦੀ ਸੰਥਿਆ ਕਰਵਾਈ ਗਈ, ਉੱਥੇ ਨਾਲ ਹੀ ਦਸ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਵਿਸਥਾਰ ਚ ਜਾਣਕਾਰੀ ਦਿੱਤੀ ਗਈ ਅਤੇ ਬੀਬੀਆਂ ਨੇ ਸੁਖਮਨੀ ਸਾਹਿਬ ਦੇ ਪਾਠ ਦੀ ਸੰਥਿਆ ਵੀ ਗ੍ਰਹਿਣ ਕੀਤੀ । ਕੈਂਪ ਦੇ ਅਖੀਰ ਚ ਗੁਰਮਤਿ ਮੁਕਾਬਲੇ ਵੀ ਕਰਵਾਏ ਗਏ, ਜਿਸ ਚ ਜੇਤੂ ਰਹੇ ਬੱਚਿਆਂ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਤਗਮੇ, ਸਰਟੀਫਿਕੇਟ ਅਤੇ ਸਟੇਸ਼ਨਰੀ ਨਾਲ ਪ੍ਰਸਿੱਧ ਢਾਡੀ ਤਰਸੇਮ ਸਿੰਘ ਦੁਗਾਲ ਅਤੇ ਪ੍ਰਧਾਨ ਰਾਮ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ । ਢਾਡੀ ਤਰਸੇਮ ਸਿੰਘ ਦੁਗਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੇ ਚੱਲਕੇ ਮਨੁੱਖਤਾ ਦੀ ਭਲਾਈ ਲਈ ਕਾਰਜ ਕੀਤੇ ਜਾ ਸਕਣ। ਇਸ ਮੌਕੇ ਪ੍ਰਧਾਨ ਰਾਮ ਸਿੰਘ, ਮਨਵੀਰ ਸਿੰਘ ਗੁਰਦੁਆਰਾ ਨਾਨਕਿਆਣਾ ਸਾਹਿਬ, ਗੁਰਜੀਤ ਸਿੰਘ ਚਹਿਲ ਪ੍ਰਧਾਨ ਪ੍ਰੈਸ ਕਲੱਬ ਧਰਮਗੜ੍ਹ, ਯੂਥ ਆਗੂ ਕੁਲਵੀਰ ਸਿੰਘ ਭੰਗੂ ਤੋਂ ਇਲਾਵਾ ਹੋਰ ਸਿੱਖ ਸੰਗਤਾਂ ਮੌਜੂਦ ਸਨ ।