ਪਟਿਆਲਾ : ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਅਖਾੜਾ ਭਖਦਾ ਜਾ ਰਿਹਾ ਹੈ। ਪਟਿਆਲਾ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਸਮਾਣਾ ਦੇ ਸਮਰਾਟ ਪੈਲੇਸ ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ ਕੀਤਾ। ਜਿਸ ਵਿੱਚ ਵੱਡੀ ਪੱਧਰ ਤੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੋਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ। ਜਿੱਥੇ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਉੱਥੇ ਕਿਸਾਨ ਵੀ ਆਪਣੇ ਵਿਚਾਰ ਪ੍ਰਗਟ ਕਰਨ ਆਏ ਹਨ ਇਸੇ ਤਰਾਂ੍ਹ ਮੈਂ ਵੀ ਆਪਣੀ ਗੱਲ ਕਰਨ ਲਈ ਸਮਾਣਾ ਦੇ ਲੋਕਾਂ ਦੇ ਸਾਹਮਣੇ ਆਈ ਹਾਂ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਉਹ ਵਿਅਕਤੀ ਹਨ ਜੋ ਸਾਡੇ ਦੇਸ਼ ਨੂੰ ਅੱਗੇ ਲਿਜਾਣ ਲਈ ਕੰਮ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਅਤੇ ਪਾਰਟੀ 'ਤੇ ਭਰੋਸਾ ਹੈ ਕਿ ਅਸੀਂ ਇਹ ਚੋਣ ਵੱਡੇ ਫਰਕ ਨਾਲ ਜਿੱਤਾਂਗੇ। ਉਨ੍ਹਾਂ ਕਿਹਾ ਕਿ ਉਹ ਚੋਣਾਂ ਜਿੱਤਣ ਲਈ ਬਹੁਤ ਮਿਹਨਤ ਕਰ ਰਹੇ ਹਨ, ਬਾਕੀ ਲੋਕਾਂ ਦਾ ਕੀ ਫਤਵਾ ਹੋਵੇਗਾ, ਇਹ ਉਨ੍ਹਾਂ 'ਤੇ ਨਿਰਭਰ ਕਰਦਾ ਹੈ।
ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਪਿਛਲੇ 15 ਸਾਲਾਂ 'ਚ ਜਦੋਂ ਉਹ ਸੰਸਦ ਮੈਂਬਰ ਸਨ ਤਾਂ ਸਮਾਣਾ 'ਚ ਕੋਈ ਨਵਾਂ ਪ੍ਰੋਜੈਕਟ ਨਹੀਂ ਆਇਆ ਤਾਂ ਪ੍ਰਨੀਤ ਕੌਰ ਨੇ ਕਿਹਾ ਕਿ ਰੇਲਵੇ ਬੋਰਡ ਵੱਲੋਂ ਤਿੰਨ ਵਾਰ ਸਰਵੇਖਣ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੇ ਖੁਦ ਖੜ੍ਹੇ ਹੋ ਕੇ ਇਹ ਸਰਵੇ ਕਰਵਾਇਆ ਸੀ | ਰੇਲਵੇ ਬੋਰਡ ਨੂੰ ਕਈ ਪੱਖਾਂ ਤੋਂ ਇਹ ਸਰਵੇਖਣ ਠੀਕ ਨਹੀਂ ਲੱਗਿਆ। ਜਿਸ ਕਾਰਨ ਇਹ ਪ੍ਰਾਜੈਕਟ ਠੱਪ ਹੋ ਗਿਆ। ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਸੱਤਾ 'ਚ ਸਨ ਤਾਂ ਪੰਜਾਬ ਦੇ ਕੋਨੇ-ਕੋਨੇ 'ਚ ਵੱਡੇ ਪੱਧਰ 'ਤੇ ਕੰਮ ਕੀਤਾ ਗਿਆ। ਹੁਣ ਅਸੀਂ ਨਰਿੰਦਰ ਮੋਦੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਕਾਸ ਦੇ ਕੰਮ ਹੋੋਣਗੇ।