ਪਟਿਆਲਾ : ਜੈ ਜਵਾਨ ਕਲੋਨੀ ਬਡੂੰਗਰ ਇੱਕ ਅਜਿਹਾ ਇਲਾਕਾ ਹੈ ਜਿੱਥੇ ਜ਼ਿਆਦਾਤਰ ਮਿਲਟਰੀ ਦੇ ਮੁਲਾਜ਼ਮ ਰਹਿੰਦੇ ਹਨ। ਇਨ੍ਹਾਂ ਵਿਚ ਬਹੁਤੇ ਮੁਲਾਜ਼ਮ ਰਿਟਾਇਰ ਹਨ, ਜਦਕਿ ਕੁੱਝ ਹਿੱਸਾ ਮੌਜੂਦਾ ਮਿਲਟਰੀ ਮੁਲਾਜ਼ਮਾਂ ਦਾ ਵੀ ਹੈ। ਇਹ ਸਿਪਾਹੀ ਤੋਂ ਲੈ ਕੇ ਸੂਬੇਦਾਰ, ਕਰਨਲ ਰੈਂਕ ਤੱਕ ਦੇ ਅਧਿਕਾਰੀ ਹਨ। ਇਨ੍ਹਾਂ ਦਾ ਵਫ਼ਦ ਅੱਜ ਆਪਣੀ ਵੱਡੀ ਸਮੱਸਿਆ ਨੂੰ ਲੈ ਕੇ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਮਿਲਿਆ। ਇਸ ਦੌਰਾਨ ਵਫਦ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਕਾ ਬਿਲਕੁਲ ਮਿਲਟਰੀ ਏਰੀਏ ਨਾਲ ਲਗਦਾ ਹੈ, ਜਦਕਿ ਜੈ ਜਵਾਨ ਕਲੋਨੀ ਤੋਂ ਮਿਲਟਰੀ ਏਰੀਏ ਅੰਦਰ ਜਾਣ ਲਈ ਇੱਕ ਗੇਟ ਬਣਿਆ ਹੋਇਆ ਹੈ। ਇਸ ਗੇਟ ਤੋਂ ਪਹਿਲਾਂ ਅਸੀਂ ਆਮ ਹੀ ਆਉਂਦੇ ਜਾਂਦੇ ਸੀ, ਜਦਕਿ ਕੁੱਝ ਦੇਰ ਪਹਿਲਾਂ ਇਸ ਗੇਟ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਉੱਚ ਅਧਿਕਾਰੀਆਂ ਦੇ ਦਫਤਰ ਗੇੜੇ ਲਗਾਏ, ਪਰ ਸਾਡੀ ਸੁਣਵਾਈ ਨਹੀਂ ਹੋਈ। ਇਨ੍ਹਾਂ ਵਾਸੀਆਂ ਨੇ ਕਿਹਾ ਕਿ ਸਾਡੀ ਵੱਡੀ ਸਮੱਸਿਆ ਇਹ ਹੈ ਕਿ ਸਾਡੇ ਬੱਚੇ ਕੇਂਦਰੀ ਵਿਦਿਆਲਿਆ ਸਕੂਲ ਵਿਚ ਪੜ੍ਹਦੇ ਹਨ। ਇਸ ਵਿਦਿਆਲਿਆ ਨੂੰ ਜਾਣ ਲਈ ਗੇਟ ਰਾਹੀਂ ਸਿਰਫ਼ ਪੰਜ ਮਿੰਟ ਦਾ ਰਸਤਾ ਹੈ, ਜਦਕਿ ਹੁਣ ਇਹ ਗੇਟ ਬੰਦ ਹੋਣ ਕਰਕੇ ਲਗਭਗ ਦੋ ਤੋਂ ਤਿੰਨ ਕਿਲੋਮੀਟਰ ਦਾ ਸਫਰ ਤੈਅ ਕਰਕੇ ਭੀੜ ਵਾਲੀਆਂ ਸੜਕਾਂ ਤੋਂ ਜਾਣਾ ਪੈਂਦਾ ਹੈ। ਇਸ ਲਈ ਇਹ ਗੇਟ ਖੁਲਵਾਉਣ ਲਈ ਸਰਕਾਰ ਪੱਧਰ ’ਤੇ ਗੱਲਬਾਤ ਕੀਤੀ ਜਾਵੇ, ਨਹੀਂ ਤਾਂ ਸਾਨੂੰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਦੀ ਮੰਗ ਨੂੰ ਧਿਆਨ ਨਾਲ ਸੁਣਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਇਨ੍ਹਾਂ ਜੈ ਜਵਾਨ ਕਲੋਨੀ ਵਸਨੀਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਨੂੰ ਧਰਨਾ ਲਗਾਉਣ ਦੀ ਕੋਈ ਲੋੜ ਨਹੀਂ ਪਵੇਗੀ। ਉਹ ਜਲਦੀ ਹੀ ਪ੍ਰਸ਼ਾਸਨਿਕ ਪੱਧਰ ਅਤੇ ਸਰਕਾਰੀ ਪੱਧਰ ’ਤੇ ਗੱਲ ਕਰਕੇ ਇਹ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੈ, ਜਿੱਥੇ ਕਿਸੇ ਨੂੰ ਵੀ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਅਧਿਕਾਰੀ ਤੰਗ ਪ੍ਰੇਸ਼ਾਨ ਕਰੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਪਰਮਿੰਦਰ ਸਿੰਘ, ਬਲਦੇਵ ਸਿੰਘ ਵੜੈਚ, ਰਣਜੀਤ ਸਿੰਘ ਸੰਧੂ, ਜਗਮੋਹਨ ਸਿੰਘ ਚੌਹਾਨ, ਤੇਜਾ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।