ਪਟਿਆਲਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ਸਬੰਧੀ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਖਾਸ ਤੌਰ ਤੇ ਸਰਫੇਸ ਸੀਡਿੰਗ ਤਕਨੀਕ ਨਾਲ ਬੀਜੀ ਕਣਕ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਸ ਤਕਨੀਕ ਨਾਲ ਬੀਜੇ ਪਲਾਟ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਖੇਤ ਦਿਵਸ ਵਿਚ ਪਟਿਆਲਾ ਜ਼ਿਲ੍ਹੇ ਦੇ ਕਰੀਬ 52 ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਸਿੱਧੂ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਸੰਭਾਲਣ ਅਤੇ ਸਰਫੇਸ ਸੀਡਰ ਤਕਨੀਕ ਨਾਲ ਕਣਕ ਬੀਜਣ ਦੇ ਫ਼ਾਇਦਿਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਏ ਬਗੈਰ ਜ਼ਮੀਨ ਵਿਚ ਹੀ ਵਾਹੁਣ ਨਾਲ ਮਿੱਟੀ ਵਿਚ ਬੂਟਿਆਂ ਲਈ ਉਪਲਬਧ ਹੋਣ ਵਾਲੇ ਉਪਜਾਊ ਤੱਤਾਂ ਬਾਰੇ ਵੀ ਵਿਸਥਾਰਪੂਰਵਕ ਦੱਸਿਆ। ਡਾ. ਹਰਦੀਪ ਸਿੰਘ ਸਭਿਖੀ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਸਰਫੇਸ ਸੀਡਰ ਨਾਲ ਬੀਜੀ ਕਣਕ ਵਿਚ ਨਦੀਨਾਂ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ ਅਤੇ ਨਦੀਨ-ਨਾਸ਼ਕਾਂ ਦੀ ਵਰਤੋਂ ਤੋਂ ਬਗੈਰ ਹੀ ਫ਼ਸਲ ਦਾ ਵਧੀਆ ਝਾੜ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਬੀਜ ਸੋਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਅਪੀਲ ਵੀ ਕੀਤੀ ਕਿ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਸ਼ ਅਨੁਸਾਰ ਬੀਜ ਸੋਧ ਕੇ ਹੀ ਹਰ ਫ਼ਸਲ ਬੀਜੀ ਜਾਵੇ। ਸਰਫੇਸ ਸੀਡਿੰਗ ਨਾਲ ਬੀਜੀ ਕਣਕ ਦੇ ਪ੍ਰਦਰਸ਼ਨੀ ਪਲਾਟ ਦੇ ਦੌਰੇ ਸਮੇਂ ਕਿਸਾਨਾਂ ਵੱਲੋਂ ਇਸ ਤਕਨੀਕ ਬਾਰੇ ਪੁੱਛੇ ਗਏ ਸਵਾਲਾਂ ਦੇ ਜੁਆਬ ਵੀ ਦਿੱਤੇ ਗਏ। ਆਏ ਹੋਏ ਕਿਸਾਨਾਂ ਨੇ ਇਸ ਪ੍ਰਦਰਸ਼ਨੀ ਪਲਾਟ ਵਿਚ ਬੀਜੀ ਕਣਕ ਦੀ ਪ੍ਰਸ਼ੰਸਾ ਕਰਦਿਆਂ ਅਗਲੇ ਸਾਲ ਇਸ ਤਰੀਕੇ ਨੂੰ ਅਪਣਾਉਣ ਦਾ ਇਰਾਦਾ ਵੀ ਜ਼ਾਹਿਰ ਕੀਤਾ। ਸ. ਨਰਿੰਦਰ ਸਿੰਘ ਦਿੱਤੂਪੁਰ ਨੇ ਵੀ ਪਰਾਲੀ ਸਾਂਭਣ ਦੀਆਂ ਤਕਨੀਕਾਂ ਬਾਰੇ ਆਪਣੇ ਵਿਚਾਰ ਦਿੱਤੇ ਅਤੇ ਕੇ.ਵੀ.ਕੇ. ਮਾਹਿਰਾਂ ਦੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।