ਸੁਨਾਮ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਯੂਨਾਈਟਿਡ ਹਿੰਦੂ ਫਰੰਟ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੈ ਭਗਵਾਨ ਗੋਇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਿਦੇਸ਼ਾਂ ਵਿੱਚ ਬੈਠੇ ਭਾਰਤ ਵਿਰੋਧੀ ਲੋਕਾਂ ਨਾਲ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਲਿਖ਼ਤੀ ਪੱਤਰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਮੁਲਕ ਦੀ ਸਿਖਰਲੀ ਅਦਾਲਤ, ਗ੍ਰਹਿ ਮੰਤਰਾਲਾ ਅਤੇ ਐਨ ਆਈ ਏ ਤੋਂ ਵੀ ਇਸ ਅਤੀ ਸੰਜੀਦਾ ਮਾਮਲੇ ਦੀ ਬਰਾਕੀ ਨਾਲ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਸੁਨਾਮ ਵਿਖੇ ਪ੍ਰੈਸ ਕਲੱਬ ਦੇ ਨਵੇਂ ਬਣੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਜੈ ਭਗਵਾਨ ਗੋਇਲ ਨੇ ਕਿਹਾ ਕਿ ਦੇਸ਼ ਦੀ ਜਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਤੀਜੀ ਵਾਰ ਸੱਤਾ ਵਿੱਚ ਲਿਆ ਰਹੀ ਹੈ। ਜਨਤਾ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਬਹੁਮਤ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਸੱਤਾ ਸੌਂਪ ਦੇਵੇਗੀ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਭਾਰਤ ਵਿਸ਼ਵ ਪੱਧਰ 'ਤੇ ਮਜ਼ਬੂਤ ਹੋਇਆ ਹੈ, ਅੱਤਵਾਦ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਗਈ ਹੈ। ਉਨ੍ਹਾਂ ਆਈ ਐਨ ਡੀ ਆਈ ਏ ਗੱਠਜੋੜ ਨੂੰ ਭ੍ਰਿਸ਼ਟ ਲੋਕਾਂ ਦਾ ਗਰੋਹ ਕਰਾਰ ਦਿੰਦਿਆਂ ਕਿਹਾ ਕਿ ਕਾਨੂੰਨ ਅਨੁਸਾਰ ਮੋਦੀ ਸਰਕਾਰ ਸਾਰੇ ਭ੍ਰਿਸ਼ਟ ਲੋਕਾਂ ਤੋਂ ਇਕ-ਇਕ ਪੈਸੇ ਦਾ ਹਿਸਾਬ ਲਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਅਰਵਿੰਦ ਕੇਜਰੀਵਾਲ ਦੁਨੀਆਂ ਦਾ ਸਭ ਤੋਂ ਵੱਡਾ ਝੂਠਾ, ਫ਼ਰੇਬੀ ਅਤੇ ਡਰਾਮੇਬਾਜ਼ ਵਿਅਕਤੀ ਹੈ। ਤਿਹਾੜ ਜੇਲ੍ਹ ਦਿੱਲੀ ਸਰਕਾਰ ਦੇ ਅਧੀਨ ਹੈ ਅਤੇ ਇਸ ਲਈ ਉਨ੍ਹਾਂ ਦੇ ਖਾਣ-ਪੀਣ ਸਬੰਧੀ ਸਾਰੇ ਦੋਸ਼ ਬੇਬੁਨਿਆਦ ਹਨ। ਇਸ ਦੇ ਉਲਟ ਕੇਜਰੀਵਾਲ ਖੁਦ ਹੋਰ ਬਿਮਾਰ ਹੋਣਾ ਚਾਹੁੰਦਾ ਹੈ ਤਾਂ ਕਿ ਮੈਡੀਕਲ ਆਧਾਰ 'ਤੇ ਜ਼ਮਾਨਤ ਮਿਲ ਸਕੇ, ਦੇਸ਼ ਦੇ ਲੋਕ ਸੱਚ ਜਾਣ ਚੁੱਕੇ ਹਨ। ਪੰਜਾਬ ਅਤੇ ਦਿੱਲੀ ਦੇ ਲੋਕ ਅਜਿਹੇ ਝੂਠੇ ਲੋਕਾਂ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਿਘਾਰ ਵੱਲ ਜਾ ਰਹੀ ਹੈ। ਹਰ ਵਰਗ 'ਤੇ ਜ਼ੁਲਮ ਕਰਨ ਵਾਲੀ ਕਾਂਗਰਸ ਦੇਸ਼ ਦਾ ਕਦੇ ਵੀ ਭਲਾ ਨਹੀਂ ਕਰ ਸਕਦੀ। ਅਜਿਹਾ ਹੀ ਹਾਲ ਪੰਜਾਬ ਦੇ ਅਕਾਲੀ ਦਲ ਦਾ ਹੋਇਆ ਹੈ। ਅਕਾਲੀ ਦਲ ਆਪਣੀਆਂ ਗਲਤੀਆਂ ਦੀ ਸਜ਼ਾ ਭੁਗਤ ਰਿਹਾ ਹੈ ਅਤੇ ਪੰਜਾਬ ਦੇ ਲੋਕ ਅੱਜ ਵੀ ਅਕਾਲੀ ਦਲ ਪ੍ਰਤੀ ਨਰਾਜ਼ ਹਨ। ਇਸ ਮੌਕੇ ਮਹਿੰਦਰ ਮਨਚੰਦਾ, ਅਤੁਲ ਰਾਏ, ਸੁਰਿੰਦਰ ਜੈਨ, ਸ਼ਿਵ ਜੈਨ, ਸਾਬਕਾ ਕੌਂਸਲਰ ਰਵਿੰਦਰ ਗੋਇਲ, ਬੱਬੂ ਆਦਿ ਹਾਜ਼ਰ ਸਨ।