ਸਕੂਲੀ ਬੱਸਾਂ ਦੇ ਡਰਾਇਵਰਾਂ ਨੂੰ ਬੱਸ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਦੀ ਕੀਤੀ ਹਦਾਇਤ
ਜ਼ਿਲ੍ਹੇ ਦੇ ਸਮੂਹ ਸਕੂਲਾਂ ਨੂੰ ਕੀਤੀ ਅਪੀਲ ਕਿ ਕਾਰਵਾਈ ਤੋਂ ਬਚਣ ਲਈ ਸੇਫ਼ ਸਕੂਲ ਵਾਹਨ ਪਾਲਿਸੀ ਦੀ ਇੰਨ-ਬਿੰਨ ਪਾਲਣਾ ਨੂੰ ਅਮਲ ਵਿੱਚ ਲਿਆਂਦਾ ਜਾਵੇ
ਮਾਲੇਰਕੋਟਲਾ : ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਫ ਸਕੂਲ ਵਾਹਨ ਪਾਲਿਸੀ ਨੂੰ ਜ਼ਿਲ੍ਹੇ ਵਿੱਚ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਡਾ ਪੱਲਵੀ ਦੀਆਂ ਹਦਾਇਤਾਂ ਤੇ ਰੀਜ਼ਨਲ ਟਰਾਂਸਪੋਰਟ ਅਫ਼ਸਰ ਕਮ ਸਹਾਇਕ ਕਮਿਸ਼ਨਰ ਸ੍ਰੀ ਹਰਬੰਸ ਸਿੰਘ ਵੱਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਟਰਾਂਸਪੋਰਟ ਅਫ਼ਸਰ ਹਰਬੰਸ ਸਿੰਘ ਨੇ ਬਿਨਾਂ ਇੰਸੋਰੈਂਸ, ਪ੍ਰਦੂਸ਼ਣ, ਲੇਡੀ ਅਟੈਡੈਂਟ, ਕੈਮਰਾ, ਰਜਿਸਟਰਡ ਵਹੀਕਲ ਸੀਟਿੰਗ ਕਪੈਸਟੀ ਤੋ ਵੱਧ ਬੱਚੇ,ਸਪੀਡ ਗਵਰਨਰ,ਫਸਟ ਏਡ ਬਾਕਸ, ਫਾਇਰ ਐਕਸਟਿੰਗਿਊਸ਼ਰ ਆਦਿ ਕਮੀਆ ਹੋਣ ਕਾਰਨ 08 ਸਕੂਲੀ ਬੱਸਾਂ/ਵੈਨਾਂ ਦੇ ਚਲਾਨ ਕੀਤੇ ਅਤੇ ਇਸ ਤੋਂ ਇਲਾਵਾ ਕਮਰਸ਼ੀਅਲ ਵਰਤੋ ਵਾਲੇ ੳਵਰਲੋਡ,ਫਿਟਨੈਸ,ਟੈਕਸ ਦੇ ਟਰੱਕਾਂ ਦੇ ਵੀ ਚਲਾਨ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਅਜਿਹੀ ਚੈਕਿੰਗ ਭਵਿੱਖ ਵਿੱਚ ਨਿਰੰਤਰ ਜਾਰੀ ਰਹੇਗੀ ਅਤੇ ਸੇਫ਼ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਵਾਹਨਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਪ੍ਰਬੰਧਕਾਂ ਨੂੰ ਅਪੀਲ ਕਰਦਿਆਂ ਸੁਚੇਤ ਕੀਤਾ ਕਿ ਕਾਰਵਾਈ ਤੋਂ ਬਚਣ ਲਈ ਸੇਫ਼ ਸਕੂਲ ਵਾਹਨ ਪਾਲਿਸੀ ਦੀ ਇੰਨ-ਬਿੰਨ ਪਾਲਣਾ ਨੂੰ ਅਮਲ ਵਿੱਚ ਲਿਆਂਦਾ ਜਾਵੇ ਅਤੇ ਭਵਿੱਖ ਵਿੱਚ ਜਲਦ ਇਹ ਸਾਰੀਆਂ ਕਮੀਆਂ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਪਾਲਿਸੀ ਦੀਆਂ ਹਦਾਇਤਾਂ ਮੁਤਾਬਿਕ ਸਕੂਲਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਸਕੂਲੀ ਬੱਸਾਂ ਦੇ ਡਰਾਇਵਰ ਬੱਸ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਤੇ ਨਾ ਹੀ ਕੋਈ ਨਸ਼ਾ ਕਰਕੇ ਸਕੂਲੀ ਵਾਹਨ ਚਲਾਉਣ ਅਤੇ ਟ੍ਰੈਫਿਕ ਨਿਯਮਾਂ ਦਾ ਪਾਲਣ ਵੀ ਯਕੀਨੀ ਕੀਤਾ ਜਾਵੇ । ਉਨ੍ਹਾਂ ਹੋਰ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਚੈਕਿੰਗਾਂ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਜਿਲ੍ਹੇ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਨੂੰ ਜਮੀਨੀ ਪੱਧਰ ਤੇ ਲਾਗੂ ਕਰਵਾਇਆ ਜਾ ਸਕੇ ।