ਸਮਾਣਾ : ਭਾਵੇਂ ਪੰਜਾਬ ਵਿੱਚ ਲੋਕ ਸਭਾ ਚੋਣ 7ਵੇਂ ਗੇੜ ਵਿੱਚ ਇੱਕ ਜੂਨ ਨੂੰ ਹੋਣ ਕਾਰਨ ਅਜੇ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਵੀ ਸਾਰੀਆਂ ਸੀਟਾਂ ਤੋ ਨਹੀਂ ਐਲਾਨੇ ਜਿਸ ਕਾਰਨ ਪੰਜਾਬ ਵਿਚ ਚੋਣ ਪ੍ਰਚਾਰ ਠੰਡਾ ਚਲ ਰਿਹਾ ਹੈ ਪਰ ਜਿਹੜੇ ੳਮੀਦਵਾਰ ਐਲਾਨੇ ਗਏ ਹਨ ਉਹਨਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਲੋਕ ਸਭਾ ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ) ਦੇ ਉਮੀਦਵਾਰ ਐਨ.ਕੇ. ਸ਼ਰਮਾ ਦੀ ਸਮਾਣਾ ਵਿਚ ਰੱਖੀ ਪਲੇਠੀ ਚੋਣ ਮੁਹਿੰਮ ਧੜੇਬੰਦੀ ਦੀ ਭੇਟ ਚੜ੍ਹ ਗਈ।
ਇਸ ਚੋਣ ਮੁਹਿੰਮ ਵਿਚ ਸ਼ਹਿਰੀ ਵਰਕਰਾਂ ਦੀ ਗੈਰਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਹ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਦੀ ਸਮਾਣਾ ਵਿਖੇ ਚੋਣ ਮੁਹਿੰਮ ਦੇ ਆਗਾਜ਼ ਸਮੇਂ ਠੀਕ ਨਹੀਂ ਮੰਨੀ ਜਾ ਰਹੀ। ਸਥਾਨਕ ਸਮਰਾਟ ਪੈਲੇਸ ਵਿਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਬਲਾਕ ਪ੍ਰਧਾਨ ਮਨਜਿੰਦਰ ਸਿੰਘ ਰਾਣਾ ਸੇਖੋਂ ਵੱਲੋ ਪਾਰਟੀ ਦੀ ਵਰਕਰ ਬੈਠਕ ਕੀਤੀ ਗਈ। ਬੈਠਕ ਵਿਚ ਅਕਾਲੀ ਦਲ ਦੇ ਹਲਕਾ ਪਟਿਆਲਾ ਤੋਂ ਉਮੀਦਵਾਰ ਐਨ.ਕੇ. ਸ਼ਰਮਾ ਦੀ ਚੋਣ ਮੁਹਿੰਮ ਤੇਜ਼ ਕਰਨ ਦਾ ਐਲਾਨ ਕੀਤਾ ਗਿਆ।
ਬੈਠਕ ਵਿਚ ਪਿੰਡਾਂ ਤੋਂ ਪਾਰਟੀ ਵਰਕਰ ਅਤੇ ਸਮਰਥਕ ਪਹੁੰਚੇ ਜਿਨ੍ਹਾਂ ਦੀ ਗਿਣਤੀ ਤਸੱਲੀਬਖ਼ਸ਼ ਮੰਨੀ ਜਾ ਰਹੀ ਹੈ ਪਰ ਸਮਾਣਾ ਸ਼ਹਿਰ ਵਿਚ ਸਾਬਕਾ ਮੰਤਰੀ ਰੱਖੜਾ ਦੇ ਸੱਜਾ ਹੱਥ ਮੰਨੇ ਜਾਂਦੇ ਸਾਬਕਾ ਚੇਅਰਮੈਨ ਅਸ਼ੋਕ ਮੋਦਗਿਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ, ਸੀਨੀਅਰ ਆਗੂ ਸੁਦਰਸ਼ਨ ਮਿੱਤਲ, ਸੁਰਜੀਤ ਰਾਮ ਪੱਪੀ, ਅਮਰਜੀਤ ਸਿੰਘ ਗੁਰਾਇਆ, ਨਿਸ਼ਾਨ ਸਿੰਘ ਸੰਧੂ ਅਤੇ ਹੋਰ ਆਗੂ ਬੈਠਕ ਵਿਚੋਂ ਗ਼ੈਰਹਾਜ਼ਰ ਸਨ। ਇਨ੍ਹਾਂ ਆਗੂਆਂ ਨੂੰ ਗ਼ੈਰਹਾਜ਼ਰੀ ਬਾਰੇ ਸੰਪਰਕ ਕਰਨ 'ਤੇ ਕਈ ਆਗੂਆਂ ਨੇ ਟਾਲਮਟੋਲ ਕੀਤੀ ਅਤੇ ਕੁੱਝ ਨੇ ਫ਼ੋਨ ਨਹੀਂ ਚੁੱਕਿਆ।
ਇਕ ਆਗੂ ਨੇ ਆਪਣਾ ਨਾਂਮ ਨਾ ਛਾਪਣ ਦੀ ਸੂਰਤ ਵਿਚ ਆਖਿਆ ਕਿ ਲੋਕ ਸਭਾ ਹਲਕਾ ਪਟਿਆਲਾ ਵਿਚ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਦਰਮਿਆਨ ਹੋਵੇਗਾ। ਉਨ੍ਹਾਂ ਪਾਰਟੀ ਪ੍ਰਤੀ ਸਖ਼ਤ ਰੋਸ ਜ਼ਾਹਿਰ ਕਰਦਿਆ ਕਿਹਾ ਕਿ ਪਾਰਟੀ ਨੇ ਟਿਕਟਾਂ ਬਿਨਾਂ ਸੋਚੇ ਸਮਝੇ ਦੇ ਦਿੱਤੀਆਂ ਹਨ।ਦੂਜੇ ਪਾਸੇ ਵਰਕਰ ਬੈਠਕ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਉਮੀਦਵਾਰ ਸ਼ਰਮਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਲੋਕਾਂ ਵਿਚ ਰਹਿ ਕੇ ਉਨ੍ਹਾਂ ਦੀ ਸੇਵਾ ਕਰਨਗੇ।
ਉਨ੍ਹਾਂ ਆਖਿਆ ਕਿ ਅਕਾਲੀ ਦਲ ਹੀ ਪੰਜਾਬ ਦੀ ਭਲਾਈ ਕਰ ਸਕਦਾ ਹੈ ਅਤੇ ਦਿੱਲੀ ਤੋਂ ਚਾਬੀ ਲੈ ਕੇ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦੇ ਹਿਤ ਸੁਰੱਖਿਅਤ ਨਹੀਂ ਰੱਖ ਸਕਦੀਆਂ। ਇਸ ਚੋਣ ਰੈਲੀ ਵਿਚ ਅਕਾਲੀ ਦਲ ਦੇ ਆਗੂ ਅਤੇ ਵਰਕਰ ਵੀ ਹਾਜ਼ਰ ਸਨ।