ਸੁਨਾਮ : ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਸ਼ੇਰੋਂ ਵਿਖੇ ਪੁਲਿਸ ਤੋਂ ਅੱਕੇ ਦੋ ਨੌਜਵਾਨ ਪੈਟਰੋਲ ਦੀਆਂ ਬੋਤਲਾਂ ਲੈਕੇ ਪਾਣੀ ਵਾਲੀ ਟੈਂਕੀ ਤੇ ਜਾ ਚੜ੍ਹੇ। ਘਟਨਾ ਦਾ ਪਤਾ ਲੱਗਦਿਆਂ ਵੱਡੀ ਗਿਣਤੀ ਵਿੱਚ ਲੋਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪੁੱਜੇ। ਜਦੋਂ ਉਕਤ ਮਾਮਲੇ ਸਬੰਧੀ ਐਮ.ਪੀ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚੇ ਅਤੇ ਆਪ ਖੁਦ ਪਾਣੀ ਵਾਲੀ ਟੈਂਕੀ ਉੱਪਰ ਚੜ੍ਹਕੇ ਦੋਵਾਂ ਨੌਜਵਾਨਾਂ ਨਾਲ ਗੱਲਬਾਤ ਕੀਤੀ, ਅਤੇ ਉਨ੍ਹਾਂ ਨੂੰ ਸਮਝਾ ਬੁਝਾ ਕੇ ਹੇਠਾਂ ਉਤਾਰਿਆ, ਜਿਸ ਨਾਲ ਇੱਕ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ। ਪਿੰਡ ਸ਼ੇਰੋਂ ਵਿਖੇ ਪਾਣੀ ਵਾਲੀ ਟੈਂਕੀ ਉਪਰ ਚੜ੍ਹੇ ਨੌਜਵਾਨਾਂ ਮੋਹਨਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਮਨੀ ਸ਼ੇਰੋਂ ਨੇ ਦੱਸਿਆ ਕਿ ਉਹ ਕਰੀਬ 15 ਸਾਲ ਪਹਿਲਾਂ ਰਾਹ ਭਟਕਕੇ ਗਲਤ ਰਸਤੇ 'ਤੇ ਪੈ ਗਏ ਸਨ, ਜਿਸ ਕਾਰਨ ਉਨ੍ਹਾਂ ਵਿਰੁੱਧ ਉਸ ਸਮੇਂ ਲੜਾਈ-ਝਗੜਿਆਂ ਦੇ ਵੱਖ-ਵੱਖ ਕੇਸ ਦਰਜ ਹੋਏ ਸਨ ਪਰੰਤੂ ਹੁਣ ਉਹ ਪਿਛਲੇ ਦਸ ਸਾਲਾਂ ਤੋਂ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਆਕੇ ਆਪਣੇ ਪਰਿਵਾਰ ਦੇ ਨਾਲ ਇੱਕ ਚੰਗੇ ਨਾਗਰਿਕ ਵਾਲਾ ਜੀਵਨ ਬਤੀਤ ਕਰ ਰਹੇ ਹਨ | ਉਨ੍ਹਾਂ ਵਿਰੁੱਧ ਦਰਜ ਕੇਸਾਂ ਵਿੱਚੋਂ ਅਦਾਲਤ ਵੱਲੋਂ ਵੀ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੀਆਂ ਜੱਜਮੈਂਟਾਂ ਉਨ੍ਹਾਂ ਕੋਲ ਮੌਜੂਦ ਹਨ ਪਰੰਤੂ ਫਿਰ ਵੀ ਪੁਲਿਸ ਵੱਲੋਂ ਉਨ੍ਹਾਂ ਨੂੰ ਨਜਾਇਜ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਚੋਣਾਂ ਨੇੜੇ ਹੁੰਦੀਆਂ ਹਨ ਜਾਂ ਕੋਈ ਇਲਾਕੇ ਵਿੱਚ ਵਾਰਦਾਤ ਵਾਪਰ ਜਾਂਦੀ ਹੈ ਤਾਂ ਉਨ੍ਹਾਂ ਨੂੰ ਪੁਲਿਸ ਚੁੱਕਕੇ ਲੈ ਜਾਂਦੀ ਹੈ| ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੇ ਡਰਾਵੇ ਦਿੱਤੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹਮੇਸ਼ਾ ਆਪਣੇ ਜਾਨ-ਮਾਲ ਦਾ ਡਰ ਸਤਾਉਂਦਾ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਸਾਡੀ ਬੇਗੁਨਾਹੀ ਦਾ ਸਾਰਾ ਪਿੰਡ ਗਵਾਹ ਹੈ | ਇਸੇ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਦੋਵਾਂ ਨੌਜਵਾਨਾਂ ਦੀ ਸਾਰੀ ਗੱਲਬਾਤ ਨੂੰ ਧਿਆਨ ਨਾਲ ਸੁਨਣ ਉਪਰੰਤ ਮੌਕੇ 'ਤੇ ਹੀ ਐਸ.ਐਸ.ਪੀ. ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਵਿਸ਼ਵਾਸ ਦੁਆਇਆ ਕਿ ਕਿਸੇ ਵੀ ਬੇਗੁਨਾਹ ਨੌਜਵਾਨ ਨਾਲ ਕੋਈ ਧੱਕਾ ਨਹੀਂ ਹੋਵੇਗਾ | ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ, ਜਲਦੀ ਹੀ ਇਸ ਮਾਮਲੇ ਦੀ ਸਹੀ ਜਾਂਚ ਕਰਵਾਈ ਜਾਵੇਗੀ। ਇਸ ਉਪਰੰਤ ਦੋਵੇਂ ਨੌਜਵਾਨ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰ ਆਏ। ਇਸ ਮੌਕੇ ਗੱਲਬਾਤ ਦੌਰਾਨ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਹਾਲਾਤ ਕਈ ਵਾਰ ਵਿਅਕਤੀ ਨੂੰ ਗਲਤ ਰਾਹਾਂ ਉਪਰ ਲੈ ਜਾਂਦੇ ਹਨ ਪਰੰਤੂ ਜੇਕਰ ਕੋਈ ਗਲਤ ਰਸਤੇ ਨੂੰ ਛੱਡਕੇ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਇੱਕ ਮੌਕਾ ਜਰੂਰ ਦੇਣਾ ਚਾਹੀਦਾ ਹੈ | ਗਲਤ ਰਾਹ ਤਿਆਗ ਕੇ ਆਪਣੇ ਪਰਿਵਾਰ ਨਾਲ ਰਹਿਣ ਵਾਲੇ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਬਜਾਏ ਉਨ੍ਹਾਂ ਦੇ ਸਹਿਯੋਗ ਨਾਲ ਗਲਤ ਰਸਤੇ ਉਪਰ ਚੱਲ ਰਹੇ ਹੋਰਨਾਂ ਨੌਜਵਾਨਾਂ ਨੂੰ ਵੀ ਵਾਪਸ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ। ਇਸੇ ਦੌਰਾਨ ਥਾਣਾ ਚੀਮਾਂ ਦੇ ਮੁਖੀ ਮਨਜੀਤ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਪਿੰਡ ਸ਼ੇਰੋਂ ਦੇ ਮੋਹਨਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਮਨੀ ਨੂੰ ਕਾਨੂੰਨ ਅਨੁਸਾਰ ਹੀ ਸੱਦਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਕਤ ਨੌਜ਼ਵਾਨਾਂ ਦਾ ਪਿਛਲਾ ਰਿਕਾਰਡ ਘੋਖਿਆ ਜਾਵੇਗਾ।